ਪੰਜਾਬ ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੀਜੇ ਦਿਨ ਲੁਧਿਆਣਾ ਤੋਂ ਫਗਵਾੜਾ ਵੱਲ ਚੱਲ ਰਹੀ ਹੈ। ਰਾਹੁਲ ਗਾਂਧੀ ਦੀ ਯਾਤਰਾ ਦੀ ਸ਼ੁਰੂਆਤ 7 ਵਜੇ ਲਾਡੋਵਾਲ ਟੋਲ ਪਲਾਜ਼ਾ ਤੋਂ ਹੋਈ। ਸਵੇਰੇ 9 ਵਜੇ ਤੱਕ ਰਾਹੁਲ ਗਾਂਧੀ ਨੇ ਫਿਲੌਰ ਦੇ ਭੱਟੀਆਂ ਤੱਕ ਦਾ ਸਫਰ ਪੂਰਾ ਕੀਤਾ ਤੇ ਟੀ-ਬ੍ਰੇਕ ਲਈ ਯਾਤਰਾ ਨੂੰ ਰੋਕਿਆ ਗਿਆ। ਇਸ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ਵਧਾਈ ਗਈ। ਫਿਲਹਾਲ ਉਨ੍ਹਾਂ ਦੇ ਆਸ-ਪਾਸ ਕੁਝ ਸੀਨੀਅਰ ਕਾਂਗਰਸੀ ਨੇਤਾ ਜਿਵੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਂਸਦ ਗੁਰਜੀਤ ਔਜਲਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਚੱਲ ਰਹੇ ਹਨ।
ਦੁਪਿਹਰ 3.30 ਵਜੇ ਪੈਦਲ ਯਾਤਰਾ ਫਿਰ ਸ਼ੁਰੂ ਹੋਵੇਗੀ ਤੇ ਸ਼ਾਮ 6.30 ਵਜੇ ਫਗਵਾੜਾ ਪਹੁੰਚੇਗੀ ਜਿਥੇ ਰਾਹੁਲ ਦਾ ਵਿਸ਼ਾਲ ਸਵਾਗਤ ਕੀਤਾ ਜਾਵੇਗਾ ਤੇ ਯਾਤਰਾ ਦੇ ਰੁਕਣ ਦਾ ਇੰਤਜ਼ਾਮ ਕੋਨਿਕਾ ਰਿਜ਼ਾਰਟ ਵਿਚ ਕੀਤਾ ਗਿਆ ਹੈ। ਕਪੂਰਥਲਾ ਤੇ ਜਲੰਧਰ ਦਿਹਾਤ ਪੁਲਿਸ ਨੇ ਸੁਰੱਖਿਆ ਨੂੰ ਲੈ ਕੇ ਕਮਰ ਕੱਸ ਲਈ ਹੈ।
ਭਾਰਤ ਜੋੜੋ ਯਾਤਰਾ ਦੇ ਮੱਦੇਨਜ਼ਰ ਕਮਿਸ਼ਨਰੇਟ ਤੇ ਜ਼ਿਲ੍ਹਾ ਪੁਲਿਸ ਨੇ ਯਾਤਰਾ ਦੇ ਰੂਟ ਪਲਾਨ ਦਾ ਵੇਰਵਾ ਦਿੱਤਾ ਹੈ। 14 ਜਨਵਰੀ ਨੂੰ ਜਲੰਧਰ-ਫਗਵਾੜਾ ਤੋਂ ਲੁਧਿਆਣਾ ਜਾਣ ਵਾਲੇ ਵਾਹਨ ਬਾਈਪਾਸ ਬੰਗਾ, ਨਵਾਂਸ਼ਹਿਰ ਤੋਂ ਹੋ ਕੇ ਜਾਣਗੇ। ਇਸੇ ਤਰ੍ਹਾਂ ਲੁਧਿਆਣਾ ਤੋਂ ਜਲੰਧਰ ਆਉਣ ਵਾਲੇ ਵਾਹਨ ਸਿੱਧਵਾਂ ਬੇਟ, ਮਹਿਤਪੁਰ ਨਕੋਦਰ ਦੇ ਰਸਤੇ ਜਲੰਧਰ ਪਹੁੰਚਣਗੇ। ਇਸੇ ਤਰ੍ਹਾਂ ਜਲੰਧਰ-ਫਗਵਾੜਾ ਤੋਂ ਲੁਧਿਆਣਾ ਜਾਣ ਵਾਲੇ ਛੋਟੇ ਵਾਹਨ ਕੋਨਿਕਾ ਰਿਜ਼ਾਰਟ ਤੋਂ ਗੋਰਾਇਆ, ਫਿਲੌਰ ਤੇ ਲੁਧਿਆਣਾ ਜਾਣਗੇ।
15 ਜਨਵਰੀ ਨੂੰ ਲੁਧਿਆਣਾ-ਫਗਵਾੜਾ ਤੋਂ ਹੁਸ਼ਿਆਰਪੁਰ ਜਾਣ ਵਾਲੇ ਵਾਹਨ ਫਗਵਾੜਾ ਤੋਂ ਮੇਹਟਿਆਣਾ ਹੋ ਕੇ ਹੁਸ਼ਿਆਰਪੁਰ ਪਹੁੰਚਣਗੇ। ਲੁਧਿਆਣਾ-ਫਗਵਾੜਾ ਤੋਂ ਅੰਮ੍ਰਿਤਸਰ ਜਾਣ ਵਾਲੇ ਵਾਹਨ ਫਗਵਾੜਾ ਤੋਂ ਮੇਹਟੀਆਣਾ, ਆਦਮਪੁਰ, ਭੋਗਪੁਰ ਤੋਂ ਟਾਂਡਾ, ਸ੍ਰੀ ਹਰਗੋਬਿੰਦਪੁਰ ਦੇ ਰਸਤੇ ਅੰਮ੍ਰਿਤਸਰ ਪਹੁੰਚਣਗੇ। ਲੁਧਿਆਣਾ ਤੋਂ ਜਲੰਧਰ, ਕਪੂਰਥਲਾ ਤੋਂ ਆਉਣ ਵਾਲੇ ਭਾਰੀ ਵਾਹਨ ਫਿਲੌਰ ਤੋਂ ਨਕੋਦਰ, ਜਲੰਧਰ ਦੇ ਰਸਤੇ ਕਪੂਰਥਲਾ ਪਹੁੰਚਣਗੇ।
ਇਹ ਵੀ ਪੜ੍ਹੋ : ‘ਨਫਰਤ ਫੈਲਾਉਣ ਵਾਲੇ ਐਂਕਰਾਂ ਨੂੰ ਕਰੋ ‘ਆਫ਼ ਏਅਰ’, ਮੀਡੀਆ ਸਮਾਜ ਨੂੰ ਨਹੀਂ ਵੰਡ ਸਕਦਾ’, ਸੁਪਰੀਮ ਕੋਰਟ
ਲੁਧਿਆਣਾ-ਫਗਵਾੜਾ ਤੋਂ ਜਲੰਧਰ ਤੇ ਕਪੂਰਥਲਾ ਆਉਣ ਵਾਲੇ ਲੋਕ ਫਗਵਾੜਾ ਖੰਡ ਮਿੱਲ ਚੌਕ ਤੋਂ ਸਤਨਾਮਪੁਰਾ ਹੋਕੇ ਜੰਡਿਆਲਾ ਤੋਂ ਜਮਸ਼ੇਰ ਤੱਕ 66 ਫੁੱਟ ਸੜਕ ਤੋਂ ਜਲੰਧਰ ਪਹੁੰਚਣਗੇ। ਜਲੰਧਰ ਤੋਂ ਫਗਵਾੜਾ ਜਾਣ ਵਾਲਾ ਟ੍ਰੈਫਿਕ ਜਮਸ਼ੇਰ, ਜੰਡਿਆਲਾ ਤੋਂ ਸਤਨਾਮਪੁਰਾ ਤੇ 66 ਫੁੱਟ ਰੋਡ ਤੋਂ ਫਗਵਾੜਾ ਪਹੁੰਚੇਗਾ।ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਜਲੰਧਰ ਆਉਣ ਵਾਲਾ ਟ੍ਰੈਫਿਕ ਆਦਮਪੁਰ ਤੋਂ ਜੰਡੂਸਿੰਘਾ, ਲੰਮਾ ਪਿੰਡ ਚੌਕ ਤੋਂ ਵਾਈ ਪੁਆਇੰਟ ਭਗਤ ਸਿੰਘ ਕਾਲੋਨੀ-ਮਕਸੂਦਾ ਚੌਕ, ਵਰਕਸ਼ਾਪ ਚੌਕ ਤੋਂ ਜਲੰਧਰ ਪਹੁੰਚੇਗਾ। ਜਲੰਧਰ ਤੋਂ ਪਠਾਨਕੋਟ ਜਾਣ ਵਾਲਾ ਟ੍ਰੈਫਿਕ ਕਰਤਾਰਪੁਰ, ਬਿਆਸ ਬਟਾਲਾ ਦੇ ਰਸਤੇ ਗੁਰਦਾਸਪੁਰ ਹੋ ਕੇ ਪਠਾਨਕੋਟ ਚੌਕ ਫਲਾਈਓਵਰ ਤੋਂ ਪਹੁੰਚੇਗਾ। ਕਮਿਸ਼ਨੇਟ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 15 ਜਨਵਰੀ ਨੂੰ ਸਵੇਰੇ 7 ਵਜੇ ਤੋਂ ਯਾਤਰਾ ਸਮਾਪਤੀ ਤੱਕ ਡਾਇਵਰਟ ਰੂਟ ਦਾ ਪਾਲਣ ਕਰਨ।
ਵੀਡੀਓ ਲਈ ਕਲਿੱਕ ਕਰੋ -: