ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਂਟੀ-ਕੁਰੱਪਸ਼ਨ ਹੈਲਪਲਾਈਨ ਨੰਬਰ ‘ਤੇ ਆਈ ਵੀਡੀਓ ਤੋਂ ਬਾਅਦ ਵਿਜੀਲੈਂਸ ਵਲੋਂ ਬੀਤੇ ਦਿਨ ਮੋਹਾਲੀ ਦੇ ਫੇਜ਼-5 ਵਿਖੇ ਗ੍ਰਿਫ਼ਤਾਰ ਕੀਤੇ ਗਏ ਆਈ.ਟੀ.ਆਈ. ਦੇ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਨੂੰ ਅੱਜ ਮੋਹਾਲੀ ਅਦਾਲਤ ਪੇਸ਼ ਕੀਤਾ ਗਿਆ, ਜਿਸ ਨੂੰ ਅਦਾਲਤ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਪ੍ਰਿੰਸੀਪਲ ਨੂੰ ਇੰਸਟਰੱਕਟਰ ਦੀ ਨੌਕਰੀ ਦੇਣ ਦੇ ਲਈ ਹਰਦੀਪ ਸਿੰਘ ਨਾਂ ਦੇ ਵਿਅਕਤੀ ਕੋਲੋਂ 50,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹਰਦੀਪ ਸਿੰਘ ਵਲੋਂ ਰਿਸ਼ਵਤ ਮੰਗਣ ਵਾਲੀ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਵਾਲੀ ‘ਆਪ’ ਸਰਕਾਰ ਵਲੋਂ ਜਾਰੀ ਕੀਤੇ ਮੋਬਾਈਲ ਨੰਬਰ ‘ਤੇ ਅਪਲੋਡ ਕੀਤੀ ਗਈ ਸੀ।
ਸ਼ਮਸ਼ੇਰ ਸਿੰਘ ਨੂੰ ਦੋ ਹਫਤੇ ਪਹਿਲਾਂ ਕਈ ਸ਼ਿਕਾਇਤਾਂ ਦੇ ਮੱਦੇਨਜ਼ਰ ਦੋ ਹਫਤੇ ਪਹਿਲਾਂ ਸਸਪੈਂਡ ਕੀਤਾ ਗਿਆ ਸੀ, ਜਿਸ ਨੂੰ ਵਿਜੀਲੈਂਸ ਨੇ ਉਸ ਦੇ ਜ਼ੀਰਕਪੁਰ ਘਰੋਂ ਗ੍ਰਿਫ਼ਤਾਰ ਕੀਤਾ।
ਸ੍ਰੀ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਰਦੀਪ ਸਿੰਘ ਨੇ ਭ੍ਰਿਸ਼ਟਾਚਾਰ ਮੁਹਿੰਮ ਨੂੰ ਲੈ ਕੇ ਜਾਰੀ ਨੰਬਰ ‘ਤੇ ਵੀਡੀਓ ਜਾਰੀ ਕਰਦੇ ਦੱਸਿਆ ਸੀ ਕਿ 2020 ਵਿੱਚ ਫੇਜ਼-5 ਸਥਿਤ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿੱਚ ਠੇਕੇ ‘ਤੇ ਇਲੈਕਟ੍ਰਾਨਿਕ ਮਕੈਨਿਕ ਟ੍ਰੇਡ ਵਿੱਚ ਡੀ.ਐੱਸ.ਟੀ. ਸਕੀਮ ਅਧੀਨ ਉਸ ਨੇ ਇੰਸਟਰੱਕਟਰ ਦੀ ਨੌਕਰੀ ਲਈ ਅਰਜ਼ੀ ਦਿੱਤੀ ਸੀ, ਜਿਸ ਲਈ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਪੁਰਖਾਲਵੀ ਕੋਲ ਉਸ ਨੇ ਇੰਟਰਵਿਊ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਨੌਕਰੀ ਨੂੰ ਲੈ ਕੇ ਸਾਰੀਆਂ ਸ਼ਰਤਾਂ ਤੇ ਅਸਲ ਦਸਤਾਵੇਜ਼ ਨੂੰ ਵੈਰੀਫਾਈ ਤੱਕ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਭਰਤੀ ਪ੍ਰਕਿਰਿਆ ਦਾ ਕੰਮ ਪੂਰਾ ਹੋਇਆ ਤਾਂ ਦੋਸ਼ੀ ਨੇ ਨੌਕਰੀ ‘ਤੇ ਰਖਣ ਲਈ 50 ਹਜ਼ਾਰ ਰੁਪਏ ਰਿਸ਼ਵਤ ਮੰਗੀ। ਇਸ ਦੌਰਾਨ ਹਰਦੀਪ ਰਿਸ਼ਵਤ ਦੀ ਰਕਮ ਨਹੀਂ ਦੇ ਸਕਿਆ ਤੇ ਇਸ ਕਰਕੇ ਉਸ ਨੂੰ ਨੌਕਰੀ ਨਹੀਂ ਮਿਲੀ। ਇਸ ਮਗਰੋਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ‘ਚ ਆਈ ਤਾਂ ਹਰਦੀਪ ਨੇ ਇਸ ਦਾ ਵੀਡੀਓ ਹੈਲਪਲਾਈਨ ਨੰਬਰ ‘ਤੇ ਭੇਜ ਕੇ ਸ਼ਿਕਾਇਤ ਕੀਤੀ।