ਪੰਜਾਬ ਕਾਂਗਰਸ ਵਿੱਚ ਮਚੀ ਹਲਚਲ ਅਜੇ ਵੀ ਮੁਕਦੀ ਨਜ਼ਰ ਨਹੀਂ ਆ ਰਹੀ। ਸੁਨੀਲ ਜਾਖੜ ਨੂੰ ਪਹਿਲਾਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਇਹ ਅਹੁਦਾ ਨਵਜੋਤ ਸਿੱਧੂ ਨੂੰ ਦੇ ਦਿੱਤਾ ਗਿਆ ਤੇ ਫਿਰ ਉਹ ਮੁੱਖ ਮੰਤਰੀ ਬਣਦੇ-ਬਣਦੇ ਰਹਿ ਗਏ ਤੇ ਚਰਨਜੀਤ ਸਿੰਘ ਚੰਨੀ ਨੂੰ ਸੀ.ਐੱਮ. ਬਣਾ ਦਿੱਤਾ ਗਿਆ। ਇਸ ਪਿੱਛੋਂ ਸੁਨੀਲ ਜਾਖੜ ਭਾਵੇਂ ਖੁੱਲ੍ਹ ਕੇ ਨਹੀਂ ਬੋਲੇ, ਪਰ ਪਾਰਟੀ ਲਈ ਗੁੱਸਾ ਅਕਸਰ ਉਨ੍ਹਾਂ ਦੇ ਟਵੀਟਾਂ ਵਿੱਚ ਨਜ਼ਰ ਆਉਂਦਾ ਰਿਹਾ ਹੈ। ਕਾਂਗਰਸ ਸਰਕਾਰ ਲਈ ਇੱਕ ਵਾਰ ਫਿਰ ਸੁਨੀਲ ਜਾਖੜ ਦਾ ਬਦਲਿਆ ਰਵੱਈਆ ਸਾਹਮਣੇ ਆਇਆ ਹੈ।
ਦਰਅਸਲ ਹਾਈਕਮਾਨ ਨੇ ਸੁਨੀਲ ਜਾਖੜ ਨੂੰ ਵਿਧਾਨ ਸਭਾ ਚੋਣਾਂ ਲਈ ਪੰਜਾਬ ਵਿੱਚ ਚੋਣ ਮੁਹਿੰਮ ਵਾਸਤੇ ਬਣਾਈ ਗਈ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਹੈ। ਇਸੇ ਨੂੰ ਲੈ ਕੇ ਮੰਗਲਵਾਰ ਰਾਤ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਾਖੜ ਦੀ ਰਿਹਾਇਸ਼ ‘ਤੇ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ ਪਰ ਸੁਨੀਲ ਜਾਖੜ ਨੇ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਦੱਸ ਦੇਈਏ ਕਿ ਸੁਨੀਲ ਜਾਖੜ ਪੰਚਕੂਲਾ ਵਿੱਚ ਆਪਣੇ ਪਿਤਾ ਦੇ ਬਣਾਏ ਹੋਏ ਘਰ ਵਿੱਚ ਰਹਿੰਦੇ ਹਨ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਇਸੇ ਮੰਤਵ ਲਈ ਜਾਖੜ ਦੀ ਰਿਹਾਇਸ਼ ‘ਤੇ ਆਏ ਹੋਏ ਸਨ। ਸੀ.ਐੱਮ. ਚੰਨੀ ਦੇ ਆਉਣ ਲਈ ਜਾਖੜ ਦੀ ਰਿਹਾਇਸ਼ ਦੇ ਚਾਰੇ ਪਾਸੇ ਸਕਿਓਰਿਟੀ ਵੀ ਤਾਇਨਾਤ ਹੋ ਗਈ ਸੀ ਪਰ ਇਹ ਮੁਲਾਕਾਤ ਹੋਈ ਹੀ ਨਹੀਂ ਕਿਉਂਕਿ ਜਾਖੜ ਨੇ ਬਾਜਵਾ ਨੂੰ ਆਪਣੀ ਰਿਹਾਇਸ਼ ‘ਤੇ ਸੀ.ਐੱਮ. ਨੂੰ ਮਿਲਣ ਤੋਂ ਨਾਂਹ ਕਰ ਦਿੱਤੀ।
ਇਹ ਵੀ ਪਤਾ ਲੱਗਾ ਹੈ ਕਿ ਜਾਖੜ ਨੇ ਇਹ ਵੀ ਸਾਫ-ਸਾਫ ਕਹਿ ਦਿੱਤਾ ਕਿ ਚੰਨੀ ਨਾਲ ਉਨ੍ਹਾਂ ਦਾ ਕੋਈ ਇਕਤਲਾਫ਼ ਨਹੀਂ ਹੈ, ਜਿਸ ਨੂੰ ਉਹ ਨਿਬੇੜਨਾ ਚਾਹੁੰਦੇ ਹਨ। ਮੁੱਖ ਮੰਤਰੀ ਚੰਨੀ ਨੇ ਜੋ ਵੀ ਕਹਿਣਾ ਹੈ ਉਹ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਦੱਸਣ।
ਉਨ੍ਹਾਂ ਬਾਜਵਾ ਨੂੰ ਸਪੱਸ਼ਟ ਕਿਹਾ ਕਿ ਉਹ ਸੀ.ਐੱਮ. ਚੰਨੀ ਨੂੰ ਅੱਜ ਬੁੱਧਵਾਰ ਕਾਂਗਰਸ ਭਵਨ ਵਿੱਚ ਹੀ ਮਿਲਣਗੇ, ਆਪਣੇ ਘਰ ਨਹੀਂ। ਦੱਸ ਦੇਈਏ ਕਿ ਅੱਜ ਜਾਖੜ ਨੇ ਕਾਂਗਰਸ ਭਵਨ ਵਿੱਚ 11 ਵਜੇ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਸਬੰਧੀ ਮੀਟਿੰਗ ਸੱਦੀ ਹੋਈ ਹੈ, ਜਿਸ ਵਿੱਚ ਮੁੱਖ ਮੰਤਰੀ ਚੰਨੀ, ਸੂਬਾ ਪ੍ਰਧਾਨ ਸਿੱਧੂ ਸਣੇ ਸਾਰੇ ਕਾਂਗਰਸੀ ਮੋਹਤਬਰ ਸ਼ਾਮਲ ਹੋਣਗੇ।