ਜਲੰਧਰ ਪੁਲਿਸ ਐਕਸ਼ਨ ਮੋਡ ਵਿਚ ਹੈ। ਅੱਜ ਸਵੇਰੇ-ਸਵੇਰੇ ਪੁਲਿਸ ਵੱਲੋਂ ਉਨ੍ਹਾਂ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਗਈ ਜੋ ਨਸ਼ੇ ਲਈ ਬਦਨਾਮ ਹਨ। ਪੁਲਿਸ ਨੇ ਲਗਭਗ 400 ਜਵਾਨਾਂ ਤੇ ਅਧਿਕਾਰੀਆਂ ਨਾਲ ਕਾਜ਼ੀ ਮੰਡੀ ਤੋਂ ਲੈ ਕੇ ਸੂਰਿਆ ਇਨਕਲੇਵ ਤੱਕ ਦੇ ਘਰਾਂ ਵਿਚ ਦਸਤਕ ਦਿੱਤੀ ਤੇ ਜਿਹੜੇ ਘਰਾਂ ‘ਤੇ ਸ਼ੱਕ ਸੀ, ਉਸ ਦੀ ਡੂੰਘਾਈ ਨਾਲ ਜਾਂਚ ਕੀਤੀ।
ਪੁਲਿਸ ਨੇ ਛਾਪੇਮਾਰੀ ਪੂਰੀ ਪਲਾਨਿੰਗ ਨਾਲ ਕੀਤੀ। ਛਾਪੇਮਾਰੀ ਤੋਂ ਪਹਿਲਾਂ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਦਾ ਚਾਰਜ ਡੀਸੀਪੀ, ਏਡੀਸੀਪੀ ਰੈਂਕ ਦੇ ਅਧਿਕਾਰੀਆਂ ਦੇ ਨਾਲ-ਨਾਲ ਪੁਲਿਸ ਇੰਸਪੈਕਟਰਾਂ ਨੂੰ ਸੌਂਪਿਆ ਗਿਆ। ਬਹੁਤ ਹੀ ਗੁਪਤ ਤਰੀਕੇ ਨਾਲ ਅਧਿਕਾਰੀਆਂ ਨੂੰ ਉਨ੍ਹਾਂ ਦੇ ਛਾਪੇਮਾਰੀ ਦੇ ਇਲਾਕੇ ਵੰਡੇ ਗਏ। ਇਸ ਦੇ ਬਾਅਦ ਪੁਲਿਸ ਨੇ ਘਰਾਂ ਵਿਚ ਹੀ ਆਪਣਾ ਛਾਪੇਮਾਰੀ ਮੁਹਿੰਮ ਚਲਾਇਆ।
ਛਾਪੇਮਾਰੀ ਵਿਚ ਮੌਜੂਦ ਜਵਾਨਾਂ ਨੂੰ ਆਖਰੀ ਸਮੇਂ ਤੱਕ ਇਹ ਨਹੀਂ ਪਤਾ ਸੀ ਕਿ ਛਾਪੇਮਾਰੀ ਕਰਨ ਕਿਥੇ ਜਾਣਾ ਹੈ। ਸਵੇਰ ਦਾ ਸਮਾਂ ਤੇ ਫੁੱਲ ਪਰੂਫ ਸਿਸਟਮ ਇਸ ਲਈ ਅਪਣਾਇਆ ਗਿਆ ਤਾਂ ਜੋ ਸੂਚਨਾ ਲੀਕ ਨਾ ਹੋ ਜਾਵੇ। ਪੁਲਿਸ ਨੇ ਕਾਜ਼ੀ ਮੰਡੀ, ਰੇਲਵੇ ਸਟੇਸ਼ਨ, ਸੂਰਿਆ ਇਨਕਲੇਵ ਵਿਚ ਚੈਕਿੰਗ ਮੁਹਿੰਮ ਚਲਾਈ। ਕਾਜ਼ੀ ਮੰਡੀ ਦੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਤਾਂ ਜੋ ਨਸ਼ਾ ਸਮਗਲਰ ਭੱਜ ਨਾ ਸਕੇ।
ਮੁਹਿੰਮ ਵਿਚ ਲਗਭਗ 10 ਜੀਓ ਰੈਂਕ ਦੇ ਅਧਿਕਾਰੀ ਤੇ 400 ਦੇ ਲਗਭਗ ਮੁਲਾਜ਼ਮ ਸਨ। ਏਡੀਸੀਪੀ ਸੁਹੇਲ ਮੀਰ ਨੇ ਦੱਸਿਆ ਕਿ ਛਾਪੇਮਾਰੀ ਨਸ਼ੇ ਦੀ ਸਮਗਲਿੰਗ ਨੂੰ ਲੈ ਕੇ ਕੀਤੀ ਗਈ ਹੈ। ਅਸੀਂ ਨਸ਼ੇ ਨੂੰ ਲੈ ਕੇ ਲੋਕਾਂ ਨੂੰ ਸਮਝਾਉਣਾ ਹੈ ਕਿ ਉਹ ਇਸ ਆਦਤ ਤੋਂ ਖੁਦ ਨੂੰ ਜਲਦ ਤੋਂ ਜਲਦ ਵੱਖ ਕਰ ਲੈਣ। ਪੁਲਿਸ ਹੁਣ ਕਿਸੇ ਵੀ ਨਸ਼ਾ ਤਸਕਰ ਨੂੰ ਛੱਡੇਗੀ ਨਹੀਂ, ਸਾਰਿਆਂ ‘ਤੇ ਜਲਦ ਹੀ ਨਕੇਲ ਕੱਸੀ ਜਾਵੇਗੀ।
ਛਾਪੇਮਾਰੀ ਦੌਰਾਨ ਕਿੰਨਾ ਨਸ਼ਾ ਮਿਲਿਆ ਇਸ ਦਾ ਖੁਲਾਸਾ ਅਧਿਕਾਰੀਆਂ ਵੱਲੋਂ ਨਹੀਂ ਕੀਤਾ ਗਿਆ ਪਰ 5 ਲੋਕਾਂ ਨੂੰ ਰਾਊਂਡਅੱਪ ਕੀਤਾ ਗਿਆ ਹੈ। ਛਾਪੇਮਾਰੀ ਵਿਚ ਡੀਸੀਪੀ ਜਰਕਿਰਨ ਸਿੰਘ ਤੇਜਾ, ਹਰਪਾਲ ਸਿੰਘ, ਏਡੀਸੀਪੀ ਗੁਰਬਾਜ ਸਿੰਘ, ਹਰਪ੍ਰੀਤ ਸਿੰਘ ਬੈਨੀਪਾਲ ਵੀ ਸ਼ਾਮਲ ਸਨ। 100 ਦੇ ਕਰੀਬ ਮਹਿਲਾ ਮੁਲਾਜ਼ਮ ਵੀ ਸ਼ਾਮਲ ਸਨ। ਛਾਪੇਮਾਰੀ ਲਈ 17 ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਜਿਸ ਖੇਤਰ ‘ਚ ਛਾਪੇਮਾਰੀ ਮੁਹਿੰਮ ਚਲਾਇਆ ਗਿਆ ਉਥੇ 12 ਮੁੱਖ ਪੁਆਇੰਟਸ ‘ਤੇ ਨਾਕਾਬੰਦੀ ਕੀਤੀ ਗਈ ਸੀ।
ਏਡੀਸੀਪੀ ਸੁਹੇਲ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲਿਸ ਨੇ ਸਿਰਫ ਇੱਕ ਹੀ ਕੰਮ ਨਹੀਂ ਕੀਤਾ ਸਗੋਂ ਲੋਕਾਂ ਨੂੰ ਨਸ਼ੇ ਤੇ ਗਲਤ ਪ੍ਰਭਾਵਾਂ ਤੋਂ ਵੀ ਜਾਣੂ ਕਰਵਾਇਆ। ਨਸ਼ੇ ਖਿਲਾਫ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ। 26 ਜੂਨ ਨੂੰ ਕੌਮਾਂਤਰੀ ਨਸ਼ਾ ਰੋਕੂ ਦਿਵਸ ‘ਤੇ ਇੱਕ ਸਾਈਕਲ ਰੈਲੀ ਵੀ ਕੱਢੀ ਜਾਵੇਗੀ ਜੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੇ ਹੋਏ ਪੁਲਿਸ ਲਾਈਨ ਪਹੁੰਚੇਗੀ।