ਲਗਭਗ ਡੇਢ ਸਾਲ ਬਾਅਦ ਜਲ੍ਹਿਆਂਵਾਲਾ ਆਮ ਲੋਕਾਂ ਲਈ ਖੁੱਲ੍ਹਣ ਜਾ ਰਿਹਾ ਹੈ। ਇਸ ਦੌਰਾਨ 20 ਕਰੋੜ ਦੀ ਲਾਗਤ ਨਾਲ ਬਾਗ ਦਾ ਨਵੀਨੀਕਰਨ ਕੀਤਾ ਗਿਆ ਹੈ। 28 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲ੍ਹਿਆਂਵਾਲਾ ਬਾਗ ਦਾ ਵਰਚੁਅਲੀ ਉਦਘਾਟਨ ਕਰਨਗੇ।
ਇਹ ਜਾਣਕਾਰੀ ਜਲ੍ਹਿਆਂਵਾਲਾ ਬਾਗ ਟਰੱਸਟ ਦੇ ਟਰੱਸਟੀ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਸ਼ੁੱਕਰਵਾਰ ਨੂੰ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ੁੱਕਰਵਾਰ ਨੂੰ ਵੀ ਨਿਗਮ ਕਮਿਸ਼ਨਰ ਐਮਐੱਸ ਜੱਗੀ, ਵਧੀਕ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਹੋਰ ਅਧਿਕਾਰੀ ਜਲਿਆਂਵਾਲਾ ਬਾਗ ਦਾ ਦੌਰਾ ਕਰਨ ਆਏ ਸਨ।
ਜ਼ਲਿਆਂਵਾਲਾ ਬਾਗ ਦਾ ਨਵੀਨੀਕਰਨ 20 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸ ਵਿੱਚ ਲਾਈਟ ਐਂਡ ਸਾਊਂਡ, ਇੱਕ ਡਿਜੀਟਲ ਡਾਕਿਊਮੈਂਟਰੀ ਤਿਆਰ ਕੀਤੀ ਗਈ ਹੈ, ਜਿੱਥੇ 80 ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ ਤਾਂ ਜੋ ਉਹ ਜਲ੍ਹਿਆਂਵਾਲਾ ਬਾਗ ਕਾਂਡ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਸਕਣ।
ਇਸੇ ਤਰ੍ਹਾਂ ਸ਼ਹੀਦੀ ਖੂਹ ਦਾ ਨਵੀਨੀਕਰਨ ਕੀਤਾ ਗਿਆ ਹੈ। ਖੂਹ ਦੇ ਦੁਆਲੇ ਇੱਕ ਗੈਲਰੀ ਬਣਾਈ ਗਈ ਹੈ, ਜਿਸ ਤੋਂ ਖੂਹ ਦੀ ਡੂੰਘਾਈ ਵੇਖੀ ਜਾ ਸਕਦੀ ਹੈ। ਸਾਰੀਆਂ ਗੈਲਰੀਆਂ ਪੂਰੀ ਤਰ੍ਹਾਂ ਏਸੀ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਮੌਸਮ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਰੈਸਟੋਰੈਂਟਾਂ/ ਢਾਬਿਆਂ, ਡਿਸਕੋ, ਬਾਰਸ ‘ਤੇ ਲੱਗੀਆਂ ਪਾਬੰਦੀਆਂ, ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ
ਇਸ ਤੋਂ ਇਲਾਵਾ ਗੋਲੀਆਂ ਦੇ ਨਿਸ਼ਾਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਜਿਸ ਕੰਧ ‘ਤੇ ਗੋਲੀਆਂ ਦੇ ਨਿਸ਼ਾਨ ਸਨ। ਉਨ੍ਹਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ, ਤਾਂ ਜੋ ਆਉਣ ਵਾਲੇ ਕਈ ਸੌ ਸਾਲਾਂ ਤੱਕ ਵੀ ਇਨ੍ਹਾਂ ਯਾਦਾਂ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ। ਨਵੇਂ ਵਾਸ਼ਰੂਮ, ਪੀਣ ਵਾਲੇ ਪਾਣੀ ਦੇ ਨਵੇਂ ਪੁਆਇੰਟ ਬਣਾਏ ਗਏ ਹਨ। ਪੂਰੇ ਬਾਗ ਵਿੱਚ ਸੁੰਦਰ ਰੋਸ਼ਨੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਤੋਂ ਬਾਅਦ ਦੂਜੇ ਪੜਾਅ ਦਾ ਕੰਮ ਅਜੇ ਸ਼ੁਰੂ ਹੋਣਾ ਬਾਕੀ ਹੈ, ਜਿਸ ਵਿੱਚ ਪਾਥ ਵੇ ਬਣਾਇਆ ਜਾਵੇਗਾ।