ਕਪੂਰਥਲਾ ਪੁਲਿਸ ਵੱਲੋਂ ਨਸ਼ੇ ਦੀ ਪੂਰਤੀ ਲਈ ਹਾਈਵੇ ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਨ੍ਹਾਂ ਕੋਲੋਂ ਪੁਲਿਸ ਨੇ 1.70 ਲੱਖ ਰੁਪਏ ਦੀ ਨਕਦੀ, 8 ਲੱਖ ਰੁਪਏ ਦੇ ਸੋਨੇ ਦੇ ਗਹਿਣੇ, ਦੋ ਬਾਈਕ ਅਤੇ ਦੋ ਦਾਤਰ ਬਰਾਮਦ ਕੀਤੇ ਹਨ। ਪੁਲਿਸ ਪੁੱਛਗਿੱਛ ‘ਚ ਮੁਲਜ਼ਮਾਂ ਨੇ ਲੁੱਟ-ਖੋਹ ਦੀਆਂ ਸੱਤ ਵਾਰਦਾਤਾਂ ਨੂੰ ਕਬੂਲਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।
ਕਪੂਰਥਲਾ ਪੁਲਿਸ ਲਾਈਨ ਵਿਖੇ ਆਯੋਜਿਤ ਕੀਤੀ ਪ੍ਰੈਸ ਕਾਨਫਰੰਸ ਦੌਰਾਨ SP-ਇਨਵੈਸਟੀਗੇਸ਼ਨ ਰਮਨਿੰਦਰ ਸਿੰਘ ਨੇ ਦੱਸਿਆ ਕਿ 16 ਜੁਲਾਈ ਨੂੰ ASI ਹਰਵੰਤ ਸਿੰਘ ਪੁਲਿਸ ਪਾਰਟੀ ਸਮੇਤ DSP-ਇਨਵੈਸਟੀਗੇਸ਼ਨ ਬਰਜਿੰਦਰ ਸਿੰਘ ਅਤੇ CIA ਸਟਾਫ਼ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਦੀ ਅਗਵਾਈ ਹੇਠ ਅੱਡਾ ਮੀਆਂ ਬਾਕਰਪੁਰ ਵਿਖੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਮੁਖ਼ਬਰ ਵੱਲੋਂ ਸੂਚਨਾ ਦਿੱਤੀ ਗਈ।
ਮੁਖ਼ਬਰ ਨੇ ਦੱਸਿਆ ਕਿ ਸਾਜਨ ਸਿੰਘ ਵਾਸੀ ਪਿੰਡ ਰਾਵਾਂ, ਸੁਰਿੰਦਰ ਸਿੰਘ ਉਰਫ਼ ਯਾਦਾ ਵਾਸੀ ਪਿੰਡ ਤਲਵੰਡੀ ਕੂਕਾਂ, ਜਗਜੀਵਨ ਸਿੰਘ ਉਰਫ਼ ਜੀਵਨ ਵਾਸੀ ਪਿੰਡ ਕੂਕਾਂ ਟਾਕੀਆ ਅਤੇ ਅਮਨਜੋਤ ਸਿੰਘ ਉਰਫ਼ ਅਮਨ ਵਾਸੀ ਪਿੰਡ ਕੂਕਾਂ ਬੇਗੋਵਾਲ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ। ਇਹ ਚਾਰੇ ਲੁਟੇਰੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਹਾਈਵੇਅ, ਲਿੰਕ ਸੜਕਾਂ ਅਤੇ ਬੰਦ ਕੋਠੀਆਂ ਵਿੱਚ ਦਿਨ-ਰਾਤ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਨ੍ਹਾਂ ਲੋਕਾਂ ਵੱਲੋਂ ਬੇਗੋਵਾਲ ਅਤੇ ਢਿਲਵਾਂ ਦੇ ਇਲਾਕਿਆਂ ਵਿੱਚ ਡਕੈਤੀ ਅਤੇ ਲੁੱਟ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਇਸ ਤੋਂ ਬਾਅਦ ASI ਹਰਵੰਤ ਸਿੰਘ ਨੇ ਪੁਲਿਸ ਟੀਮ ਸਮੇਤ ਇਨ੍ਹਾਂ ਲੁਟੇਰਿਆਂ ਨੂੰ 70 ਹਜ਼ਾਰ ਦੀ ਭਾਰਤੀ ਕਰੰਸੀ ਅਤੇ ਦਾਤਰ ਸਮੇਤ ਕਾਬੂ ਕੀਤਾ। 16 ਜੁਲਾਈ ਨੂੰ ਜਦੋਂ ਥਾਣਾ ਢਿਲਵਾਂ ਵਿਖੇ ਦਰਜ ਕੇਸ ਦੀ ਜਾਂਚ ਕੀਤੀ ਗਈ ਤਾਂ ਚਾਰਾਂ ਨੇ ਕਈ ਵਾਰਦਾਤਾਂ ਦਾ ਖੁਲਾਸਾ ਕੀਤਾ। ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਇਕ ਲੱਖ ਰੁਪਏ ਅਤੇ ਭਾਰਤੀ ਕਰੰਸੀ ਅਤੇ ਵਾਰਦਾਤਾਂ ‘ਚ ਵਰਤੇ ਗਏ ਦੋ ਬਾਈਕ ਵੀ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ : ਪ੍ਰਸ਼ਾਂਤ ਮਹਾਸਾਗਰ ‘ਚ ਭਟਕ ਗਿਆ ਸੀ ਵਿਅਕਤੀ…2 ਮਹੀਨੇ ਸਮੁੰਦਰ ‘ਚ ਰਹਿਣ ਮਗਰੋਂ ਜ਼ਿੰਦਾ ਪਰਤਿਆ
SP ਅਨੁਸਾਰ ਇਹ ਚਾਰੇ ਲੁਟੇਰੇ ਆਪਣਾ ਨਸ਼ਾ ਪੂਰਾ ਕਰਨ ਲਈ ਲੁੱਟ-ਖੋਹ ਕਰਦੇ ਸਨ। ਇਨ੍ਹਾਂ ਲੁਟੇਰਿਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ 29 ਜੂਨ ਨੂੰ ਬੇਗੋਵਾਲ ਵਿੱਚ ਇੱਕ ਦੁਕਾਨਦਾਰ ਤੋਂ 1.70 ਲੱਖ, 25 ਅਪਰੈਲ ਨੂੰ ਪਿੰਡ ਹੈਬਤਪੁਰ ਵਿੱਚ ਇੱਕ ਰਾਹਗੀਰ ਦੀ ਕੁੱਟਮਾਰ ਕਰਕੇ 96 ਹਜ਼ਾਰ ਅਤੇ 26 ਅਪ੍ਰੈਲ ਨੂੰ ਮੁਹੱਲਾ ਕੂਚਾ ਕੈਂਟ, ਬਸਤੀ ਬਾਵਾ ਖੇਲ, ਜਲੰਧਰ ਵਿੱਚ ਚੋਰੀ ਤੋਂ ਇਲਾਵਾ ਵੱਖ-ਵੱਖ ਥਾਂਵਾਂ ਤੋਂ ਰਾਹਗੀਰਾਂ ਦੇ ਕੰਨਾਂ ਤੋਂ ਮੁੰਦਰੀਆਂ ਖੋਈਆਂ।
ਲੁਟੇਰੇ ਅਮਨ ਨੇ ਮੰਨਿਆ ਕਿ ਉਸ ਨੇ ਆਪਣੇ ਤਾਇਆ ਬਲਵਿੰਦਰ ਸਿੰਘ ਵਾਸੀ ਪਿੰਡ ਕੂਕਾਂ ਦੇ ਘਰੋਂ ਵੀ 2.50 ਲੱਖ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕੀਤੇ ਸਨ। ਜਿਸ ਦਾ ਮਾਮਲਾ 20 ਜੂਨ ਨੂੰ ਬੇਗੋਵਾਲ ਥਾਣੇ ਵਿੱਚ ਦਰਜ ਹੋਇਆ ਸੀ। ਲੁਟੇਰਿਆਂ ਨੇ ਇਹ ਵੀ ਮੰਨਿਆ ਕਿ ਤਿੰਨ-ਚਾਰ ਮਹੀਨੇ ਪਹਿਲਾਂ ਉਨ੍ਹਾਂ ਨੇ ਢਿਲਵਾਂ ਪੈਟਰੋਲ ਪੰਪ ਨੇੜੇ ਇਕ ਔਰਤ ਤੋਂ ਕੰਨਾਂ ਦੀਆਂ ਵਾਲੀਆਂ ਖੋਹੀਆਂ ਸਨ ਅਤੇ ਤਿੰਨ-ਚਾਰ ਮਹੀਨੇ ਪਹਿਲਾਂ ਪਿੰਡ ਜੈਦਾਨ ਅਤੇ ਪਿੰਡ ਚੱਕੋਕੀ ਨੇੜੇ ਔਰਤਾਂ ਤੋਂ ਸੋਨੇ ਦੀਆਂ ਵਾਲੀਆਂ ਖੋਹੀਆਂ ਸਨ। SP ਨੇ ਦੱਸਿਆ ਕਿ ਕਈ ਹੋਰ ਮਾਮਲਿਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: