ਕਪੂਰਥਲਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਕੂਕਾਂ ਦੇ 22 ਸਾਲਾ ਨੌਜਵਾਨ ਦੀ ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮੌਤ ਦੀ ਖਬਰ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਛਾਣ ਰਾਜਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਤਲਵੰਡੀ ਕੂਕਾਂ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਤਰਲੋਕ ਸਿੰਘ ਤੇ ਮਾਤਾ ਜਗਜੀਤ ਕੌਰ ਨੇ ਦੱਸਿਆ ਕਿ ਘਰ ਦੇ ਹਾਲਾਤ ਸੁਧਾਰਨ ਲਈ ਕਰਜ਼ਾ ਲੈ ਕੇ ਲਗਭਗ 5 ਸਾਲ ਪਹਿਲਾਂ ਉਨ੍ਹਾਂ ਨੇ ਆਪਣਾ ਪੁੱਤਰ ਅਮਰੀਕਾ ਭੇਜਿਆ ਸੀ।
ਰਾਜਵਿੰਦਰ ਸਿੰਘ ਕੈਲੀਫੋਰਨੀਆ ਵਿਚ ਰਹਿ ਕੇ ਟਰਾਲਾ ਚਲਾਉਂਦਾ ਸੀ। ਵਿਦੇਸ਼ ਵਿਚ ਉਹ ਪੱਕਾ ਹੋ ਚੁੱਕਾ ਸੀ ਤੇ ਕੁਝ ਹੀ ਦਿਨਾਂ ਵਿਚ ਉਸ ਨੂੰ ਗ੍ਰੀਨ ਕਾਰਡ ਮਿਲਣ ਵਾਲਾ ਸੀ ਪਰ ਬੀਤੇ ਦਿਨੀਂ ਸਵੇਰੇ ਲਗਭਗ 7.30 ਵਜੇ ਅਮਰੀਕਾ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਨੇ ਫੋਨ ‘ਤੇ ਸੂਚਨਾ ਦਿੱਤੀ ਕਿ ਰਾਜਵਿੰਦਰ ਸਿੰਘ ਟਰੱਕ ਲੈ ਕੇ ਮੈਰੀਲੈਂਡ ਸ਼ਹਿਰ ਗਿਆ ਸੀ। ਇਸ ਦੌਰਾਨ ਅਮਰੀਕਾ ਦੇ ਸਮੇਂ ਅਨੁਸਾਰ 6 ਵਜੇ ਜਦੋਂ ਉਹ ਟਰੱਕ ਤੋਂ ਹੇਠਾਂ ਉਤਰ ਕੇ ਦੁਕਾਨ ‘ਚ ਜਾਣ ਲੱਗਾ ਤਾਂ ਸੜਕ ਪਾਰ ਕਰਦੇ ਸਮੇਂ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਸਰਚ ਮੁਹਿੰਮ ਤਹਿਤ 5869 ਘਰਾਂ ਦੀ ਕੀਤੀ ਚੈਕਿੰਗ, 322 ਸ਼ੱਕੀਆਂ ਨੂੰ ਕੀਤਾ ਗ੍ਰਿਫਤਾਰ
ਮ੍ਰਿਤਕ ਰਾਜਵਿੰਦਰ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਕੈਲੀਫੋਰਨੀਆ ਵਿਚ ਰਹਿ ਰਿਹਾ ਸੀ ਤੇ ਉਥੇ ਟਰੱਕ ਚਲਾਉਂਦਾ ਸੀ। ਪਿਤਾ ਤਰਲੋਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਮੁਸ਼ਕਲ ਨਾਲ ਕਰਜ਼ਾ ਲੈ ਕੇ ਰਾਜਵਿੰਦਰ ਨੂੰ ਅਮਰੀਕਾ ਭੇਜਿਆ ਸੀ। ਪਿੰਡ ਵਾਲਿਆਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਵੱਲੋਂ ਰਾਜਵਿੰਦਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦਾ ਖਰਚਾ ਚੁੱਕਿਆ ਜਾਵੇ।
ਵੀਡੀਓ ਲਈ ਕਲਿੱਕ ਕਰੋ -: