ਪੁਲਿਸ ਨੇ ਭਾਜਪਾ ਦੀ ਸਾਬਕਾ ਬੁਲਾਰਨ ਨੂਪੁਰ ਸ਼ਰਮਾ ਖਿਲਾਫ ਇੱਕ ਵਿਵਾਦਿਤ ਵੀਡੀਓ ਪੋਸਟ ਕਰਨ ਵਾਲੇ ਕਸ਼ਮੀਰੀ ਯੂਟਿਊਬਰ ਫੈਜ਼ਲ ਵਾਨੀ ਨੂੰ ਗ੍ਰਿਫਤਾਰ ਕੀਤਾ ਹੈ। ਫੈਜ਼ਲ ਨੇ ਯੂ-ਟਿਊਬ ‘ਤੇ ਨੂਪੁਰ ਸ਼ਰਮਾ ਖਿਲਾਫ ਇਤਰਾਜ਼ਯੋਗ ਵੀਡੀਓ ਅਪਲੋਡ ਕੀਤਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ। ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਦੋਸ਼ੀ ਫੈਸਲ ਖਿਲਾਫ ਸ਼੍ਰੀਨਗਰ ਦੇ ਸਫਾ ਕਦਲ ਪੁਲਿਸ ਸਟੇਸ਼ਨ ‘ਚ ਆਈਪੀਸੀ ਦੀ ਧਾਰਾ 505 ਅਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਕਸ਼ਮੀਰੀ ਯੂਟਿਊਬਰ ਵੱਲੋਂ ਇੱਕ ਡਿਜੀਟਲ ਰੂਪ ਵਿੱਚ ਬਣਾਇਆ ਗਿਆ ਗ੍ਰਾਫਿਕ ਵੀਡੀਓ ਆਨਲਾਈਨ ਪੋਸਟ ਕੀਤਾ ਗਿਆ ਸੀ। ਜਿਸ ਵਿੱਚ ਉਨ੍ਹਾਂ ਨੂੰ ਭਾਜਪਾ ਦੀ ਮੁਅੱਤਲ ਬੁਲਾਰਣ ਨੂਪੁਰ ਸ਼ਰਮਾ ਦਾ ਪੁਤਲਾ ਫੂਕਦੇ ਹੋਏ ਦਿਖਾਇਆ ਗਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਉਸ ਨੇ ਨਵਾਂ ਵੀਡੀਓ ਜਾਰੀ ਕਰਕੇ ਮੁਆਫੀ ਵੀ ਮੰਗੀ ਸੀ। ਯੂਟਿਊਬਰ ਫੈਜ਼ਲ ਵਾਨੀ ਨੇ ਅੱਜ ਆਪਣੇ ਚੈਨਲ ‘ਤੇ ਪੋਸਟ ਕੀਤੇ ਮਾਫੀਨਾਮਾ ਵੀਡੀਓ ‘ਚ ਕਿਹਾ ਕਿ ਕੱਲ੍ਹ ਮੈਂ ਨੂਪੁਰ ਸ਼ਰਮਾ ਬਾਰੇ ਇੱਕ VFX ਵੀਡੀਓ ਬਣਾਇਆ ਸੀ, ਜੋ ਪੂਰੇ ਭਾਰਤ ‘ਚ ਵਾਇਰਲ ਹੋ ਗਿਆ ਸੀ। ਮੇਰੇ ਵਰਗਾ ਬੇਕਸੂਰ ਬੰਦਾ ਵਿਵਾਦ ਵਿੱਚ ਫਸ ਗਿਆ।
ਆਪਣੇ ਮੁਆਫੀਨਾਮੇ ਦੇ ਵੀਡੀਓ ਵਿੱਚ ਵਾਨੀ ਨੇ ਕਿਹਾ ਕਿ ਉਸ ਦਾ ਦੂਜੇ ਧਰਮਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਯੂਟਿਊਬਰ ਨੇ ਅੱਗੇ ਸਪੱਸ਼ਟ ਕੀਤਾ ਕਿ ਉਸਨੇ ਨੂਪੁਰ ਸ਼ਰਮਾ ਦੇ ਖਿਲਾਫ ਆਪਣੇ ਯੂਟਿਊਬ ਚੈਨਲ ‘ਤੇ ਪੋਸਟ ਕੀਤੀ ਵਿਵਾਦਿਤ ਵੀਡੀਓ ਨੂੰ ਹਟਾ ਦਿੱਤਾ ਹੈ। ਆਪਣੇ ਮੁਆਫੀਨਾਮੇ ਵਿੱਚ ਵਾਨੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੀ ਮੇਰੇ ਹੋਰ ਵੀਡੀਓਜ਼ ਵਾਂਗ ਵਾਇਰਲ ਕਰੋਗੇ। ਇਸ ਤਰ੍ਹਾਂ ਹਰ ਕੋਈ ਜਾਣ ਜਾਵੇਗਾ ਕਿ ਮੈਂ ਆਪਣੇ ਕੀਤੇ ਲਈ ਪਛਤਾ ਰਿਹਾ ਹਾਂ।
ਦੱਸ ਦਈਏ ਕਿ ਨੂਪੁਰ ਸ਼ਰਮਾ ਨੂੰ ਇਸ ਮਹੀਨੇ ਦੀ ਸ਼ੁਰੂਆਤ ‘ਚ ਪੈਗੰਬਰ ਮੁਹੰਮਦ ‘ਤੇ ਵਿਵਾਦਿਤ ਟਿੱਪਣੀ ਕਾਰਨ ਭਾਜਪਾ ਨੇ ਸਸਪੈਂਡ ਕਰ ਦਿੱਤਾ ਸੀ। ਇਸ ਦੇ ਨਾਲ ਹੀ ਦਿੱਲੀ ਭਾਜਪਾ ਮੀਡੀਆ ਯੂਨਿਟ ਦੇ ਮੁਖੀ ਨਵੀਨ ਜਿੰਦਲ ਨੂੰ ਵੀ ਕੱਢ ਦਿੱਤਾ ਗਿਆ। ਪੈਗੰਬਰ ਮੁਹੰਮਦ ਬਾਰੇ ਬਿਆਨ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ, ਦਿੱਲੀ, ਝਾਰਖੰਡ ਦੇ ਰਾਂਚੀ ਅਤੇ ਪੱਛਮੀ ਬੰਗਾਲ ਦੇ ਹਾਵੜਾ ਅਤੇ ਕੋਲਕਾਤਾ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ ਹਨ।
ਨੂਪੁਰ ਸ਼ਰਮਾ ਅਤੇ ਜਿੰਦਲ ਦੀਆਂ ਟਿੱਪਣੀਆਂ ਤੋਂ ਬਾਅਦ ਕਈ ਖਾੜੀ ਦੇਸ਼ਾਂ ਨੇ ਜਨਤਕ ਮੁਆਫੀ ਦੀ ਮੰਗ ਕੀਤੀ ਅਤੇ ਭਾਰਤ ਵਿੱਚ ਬਣੇ ਉਤਪਾਦਾਂ ਦੇ ਬਾਈਕਾਟ ਦੀ ਮੰਗ ਕੀਤੀ। ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਦੇ ਖਿਲਾਫ ਵੱਖ-ਵੱਖ ਰਾਜਾਂ ਵਿੱਚ ਕਈ ਐਫਆਈਆਰ ਵੀ ਦਰਜ ਕੀਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: