ਪੰਜਾਬ ਵਿੱਚ ਨਵੇਂ ਮੁੱਖ ਮੰਤਰੀ ਦੇ ਆਉਣ ਤੋਂ ਬਾਅਦ ਲਗਾਤਾਰ ਉਲਟਫੇਰ ਤੇ ਨਿਯੁਕਤੀਆਂ ਦਾ ਸਿਲਸਿਲਾ ਜਾਰੀ ਹੈ। ਕੈਪਟਨ ਦੇ ਕਰੀਬੀਆਂ ਨੂੰ ਹਟਾ ਕੇ ਹੁਣ ਮੰਤਰੀਆਂ ਵੱਲੋਂ ਆਪਣੇ ਨੇੜਲਿਆਂ ਨੂੰ ਅਹੁਦਿਆਂ ‘ਤੇ ਬਿਠਾਇਆ ਜਾ ਰਿਹਾ ਹੈ।
ਇਸੇ ਲੜੀ ਵਿੱਚ ਬਟਾਲਾ ‘ਚ ਮੁੜ ਪ੍ਰਤਾਪ ਸਿੰਘ ਬਾਜਵਾ ‘ਤੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਭਾਰੀ ਪਏ ਹਨ। ਪ੍ਰਤਾਪ ਬਾਜਵਾ ਖੇਮੇ ਦੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪਵਨ ਪੰਮਾ ਦੀ ਤ੍ਰਿਪਤ ਰਜਿੰਦਰ ਬਾਜਵਾ ਨੇ ਛੁੱਟੀ ਕਰਵਾ ਦਿੱਤੀ ਹੈ ਤੇ ਉਨ੍ਹਾਂ ਦੀ ਥਾਂ ਕਸਤੂਰੀ ਲਾਲ ਸੇਠ ਨੂੰ ਮੁੜ ਬਟਾਲਾ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਹੈ।
ਦੱਸਣਯੋਗ ਹੈ ਕਿ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਜ਼ਦੀਕੀ ਕਸਤੂਰੀ ਲਾਲ ਸੇਠ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਨ ਜਿਨ੍ਹਾਂ ਨੂੰ 31 ਅਗਸਤ ਨੂੰ ਕੁਰਸੀ ਤੋਂ ਉਤਾਰ ਕੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਦੇ ਨਜ਼ਦੀਕੀ ਪਵਨ ਕੁਮਾਰ ਪੰਮਾ ਨੂੰ 31 ਅਗਸਤ ਨੂੰ ਟਰੱਸਟ ਦੀ ਕੁਰਸੀ ਸੌਂਪੀ ਪਵਨ ਪੰਮਾ ਪ੍ਰਤਾਪ ਬਾਜਵਾ ਦੇ ਕਰੀਬੀ ਹਨ।
ਇਹ ਵੀ ਪੜ੍ਹੋ : ਡੇਰਾ ਬੱਲਾਂ ਵਿਖੇ ਨਤਮਸਤਕ ਹੋਏ CM ਚੰਨੀ, ਕੀਤੇ ਵੱਡੇ ਐਲਾਨ
ਪ੍ਰਤਾਪ ਬਾਜਵਾ ਹਾਲਾਂਕਿ ਪਹਿਲਾਂ ਤਾਂ ਕੈਪਟਨ ਦਾ ਵਿਰੋਧ ਕਰਦੇ ਰਹੇ ਪਰ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਮੁੜ ਕੈਪਟਨ ਦਾ ਸਾਥ ਦਿੰਦੇ ਨਜ਼ਰ ਆ ਰਹੇ ਸਨ। ਹੁਣ ਕੈਪਟਨ ਨੇ ਜਦੋਂ ਮੁੱਖ ਮੰਤਰੀ ਦੇ ਅਹੁਦੇ ਨੂੰ ਅਲਵਿਦਾ ਕਹਿ ਦਿੱਤਾ ਤਾਂ ਹੁਣ ਮੌਕਾ ਪਾ ਕੇ ਕੈਪਟਨ ਦੇ ਕਰੀਬੀਆਂ ਨੂੰ ਅਹੁਦਿਆਂ ਨੂੰ ਲਾਹ ਕੇ ਮੰਤਰੀਆਂ ਵੱਲੋਂ ਆਪਣੇ ਨੇੜਲੇ ਲੋਕ ਬਿਠਾਏ ਜਾ ਰਹੇ ਹਨ ਤੇ ਕਸਤੂਰੀ ਲਾਲ ਸੇਠ ਤ੍ਰਿਪਤ ਰਜਿੰਦਰ ਬਾਜਵਾ ਦੇ ਕਰੀਬੀ ਹਨ।
ਇਸੇ ਲੜੀ ਵਿੱਚ ਅੱਜ ਸਵੇਰੇ ਅੰਮ੍ਰਿਤਸਰ ਵਿੱਚ ਵਿੱਚ ਕੈਪਟਨ ਦੇ ਕਰੀਬੀ ਦਿਨੇਸ਼ ਬੱਸੀ ਨੂੰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਉਨ੍ਹਾਂ ਦੀ ਥਾਂ ਦਮਨਦੀਪ ਸਿੰਘ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਦਮਨਦੀਪ ਸਿੰਘ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਹਨ। ਇਸੇ ਦੇ ਨਾਲ ਅਫਸਰਾਂ ਦੇ ਤਬਾਦਲਿਆਂ ਦਾ ਸਿਲਸਿਲਾ ਵੀ ਜਾਰੀ ਹੈ। ਬੀਤੇ ਦਿਨ ਤਿੰਨ ਪੁਲਿਸ ਅਫਸਰਾਂ ਤੇ 11 ਆਈਪੀਐਸ ਤੇ ਪੀਸੀਐਸ ਅਫਸਰਾਂ ਦੇ ਤਬਾਦਲੇ ਵੀ ਕੀਤੇ ਗਏ ਹਨ।