ਬੀਬਾ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਕੇਜਰੀਵਾਲ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜਦੋਂ ਅੰਨਾ ਹਜ਼ਾਰੇ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਤੇ ਉਨ੍ਹਾਂ ਨੇ ਲੋਕਪਾਲ ਬਿੱਲ ਦੀ ਮੰਗ ਕੀਤੀ ਸੀ। ਉਸ ਸਮੇਂ ਕੇਜਰੀਵਾਲ ਵੀ ਅੰਨਾ ਹਜਾਰੇ ਦੇ ਇਸ ਅੰਦੋਲਨ ਦਾ ਹਿੱਸਾ ਸਨ। ਕੇਜਰੀਵਾਲ ਨੇ ਬੱਚਿਆਂ ਦੀ ਸਹੁੰ ਚੁੱਕ ਕੇ ਰਾਜਨੀਤੀ ਵਿੱਚ ਨਾ ਆਉਣ ਬਾਰੇ ਕਿਹਾ ਸੀ ਪਰ ਕੀਤਾ ਇਸ ਤੋਂ ਬਿਲਕੁਲ ਉਲਟ। ਹੁਣ ਉਹ ਦਿੱਲੀ ਦੇ ਮੁੱਖ ਮੰਤਰੀ ਹਨ ਪਰ ਪਿਛਲੇ 7 ਸਾਲਾਂ ਤੋਂ ਦਿੱਲੀ ਵਿਧਾਨ ਸਭਾ ਵਿੱਚ ਲੋਕਪਾਲ ਬਿੱਲ ਪੇਸ਼ ਕਰਨ ਤੋਂ ਇਨਕਾਰ ਕਰ ਰਹੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਲੋਕਾਂ ਨਾਲ ਵਿਸ਼ਵਾਸਘਾਤ ਕਰਦੇ ਆਏ ਹਨ।
ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਸਵਾਲ ਪੁੱਛੇ ਜਾਣ ‘ਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਸਾਧਦਿਆਂ ਬੀਬਾ ਬਾਦਲ ਨੇ ਕਿਹਾ ਕਿ ਜਿਸ DGP ਚਟੋਪਾਧਇਆਏ ਨੂੰ ਹਾਈਕੋਰਟ ਤੇ UPSC ਨੇ ਡੀ. ਜੀ. ਪੀ. ਬਣਨ ਦੇ ਲਾਇਕ ਨਹੀਂ ਸਮਝਿਆ ਸੀ, ਉਸ ਨੂੰ ਹੀ ਸਿੱਧੂ ਤੇ ਚੰਨੀ ਨੇ ਸਿਆਸੀ ਰੰਜਿਸ਼ ਵਾਸਤੇ ਪੰਜਾਬ ਦਾ ਡੀ. ਜੀ. ਪੀ. ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਚਟੋਪਾਧਿਆਏ ਪੰਜਾਬ ਦੇ ਡੀ. ਜੀ. ਪੀ. ਵਜੋਂ ਨਿਯੁਕਤ ਹੋਏ ਹਨ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦਾ ਵੱਡਾ ਮਾਮਲਾ ਸਾਹਮਣੇ ਆਇਆ । ਚੰਨੀ ਤੇ ਸਿੱਧੂ ਸਰਕਾਰ ਨੇ ਮਸਲੇ ਦੀ ਤਹਿ ਤੱਕ ਪਹੁੰਚਣ ਦੀ ਬਜਾਏ ਉਸ ਬੰਦੇ ਦਾ ਸਸਕਾਰ ਕਰਵਾ ਦਿੱਤਾ ਤਾਂ ਜੋ ਮਾਮਲੇ ਨੂੰ ਦਬਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨਾਲ ਗਠਜੋੜ ਕਰਕੇ ਚੋਣਾਂ ਲੜਨ ਬਾਰੇ ਹਰਸਿਮਰਤ ਬਾਦਲ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਤਾਰਾਂ ਕਿਥੇ ਤੱਕ ਭਾਜਪਾ ਨਾਲ ਜੁੜੀਆਂ ਹੋਈਆਂ ਸਨ। ਪਹਿਲਾਂ ਕੈਪਟਨ ਨੇ ਭਾਜਪਾ ਨਾਲ ਮਿਲ ਕੇ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ ਤੇ ਜਦੋਂ ਚੋਣਾਂ ਨੇੜੇ ਆ ਗਈਆਂ ਤਾਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਤਾਂ ਜੋ ਪੰਜਾਬ ਵਿਚ ਭਾਜਪਾ ਦੇ ਅਕਸ ਨੂੰ ਸੁਧਾਰਿਆ ਜਾ ਸਕੇ। ਪਰ ਇਸ ਪੂਰੇ ਅੰਦੋਲਨ ਦੌਰਾਨ 700 ਕਿਸਾਨ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਵੱਡੇ ਧੋਖੇਬਾਜ਼ ਹੋਰ ਕੌਣ ਹੋ ਸਕਦੇ ਹਨ?