ਉੱਤਰ ਪ੍ਰਦੇਸ਼ ਵਿਚ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਮਹਾਰੈਲੀ ਜ਼ਰੀਏ ਚੁਣਾਵੀ ਵਿਗੁਲ ਵਜਾ ਦਿੱਤਾ ਹੈ। ਐਤਵਾਰ ਨੂੰ ਲਖਨਊ ਵਿਚ ਆਯੋਜਿਤ ‘ਆਪ’ ਦੀ ਰੈਲੀ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਜੰਮ ਕੇ ਹਮਲਾ ਬੋਲਿਆ ਤੇ ਚੋਣ ਵਾਅਦਿਆਂ ਦੀ ਝੜੀ ਲਗਾ ਦਿੱਤੀ। ਕੇਜਰੀਵਾਲ ਨੇ ਤੰਜ ਕੱਸਦਿਆਂ ਕਿਹਾ ਕਿ ਯੂਪੀ ਵਿਚ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਨੇ ਆ ਕੇ ਕਿਹਾ ਸੀ ਕਿ ਜੇਕਰ ਯੂ. ਪੀ. ‘ਚ ਕਬਰਿਸਤਾਨ ਬਣਦੇ ਹਨ ਤਾਂ ਸ਼ਮਸ਼ਾਨਘਾਟ ਵੀ ਬਣਨੇ ਚਾਹੀਦੇ ਹਨ। ਪੁਰਾਣੀ ਸਰਕਾਰ ਨੇ ਸਿਰਫ ਕਬਰਿਸਤਾਨ ਬਣਵਾਏ ਤੇ ਯੋਗੀ ਸਰਕਾਰ ਨੇ ਸਿਰਫ ਸ਼ਮਸ਼ਾਨਘਾਟ ਬਣਵਾਏ। ਸਾਨੂੰ ਮੌਕਾ ਦਿਓ ਤੁਹਾਡੇ ਬੱਚਿਆਂ ਲਈ ਸਕੂਲ ਤੇ ਸਾਰਿਆਂ ਲਈ ਹਸਪਤਾਲ ਬਣਾਏ ਜਾਣਗੇ।
ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪਿਛਲੇ 5 ਸਾਲ ‘ਚ ਯੋਗੀ ਸਰਕਾਰ ਨੇ ਨਾ ਸਿਰਫ ਸ਼ਮਸ਼ਾਨ ਬਣਵਾਏ ਸਗੋਂ ਵੱਡੀ ਗਿਣਤੀ ‘ਚ ਲੋਕਾਂ ਨੂੰ ਉਥੇ ਪਹੁੰਚਾਉਣ ਦਾ ਕੰਮ ਵੀ ਕੀਤਾ। ਕੇਜਰੀਵਾਲ ਨੇ ਕਿਹਾ ਕਿ ਸਿੱਖਿਆ ਨੂੰ ਲੈ ਕੇ 70 ਸਾਲ ਬਾਅਦ ਵੀ ਅਸੀਂ ਬਾਬਾ ਸਾਹਿਬ ਅੰਬੇਡਕਰ ਦਾ ਸੁਪਨਾ ਪੂਰਾ ਨਹੀਂ ਕਰ ਸਕੇ, ਜਿਸ ਵਿਚ ਉਨ੍ਹਾਂ ਨੇ ਸਾਰਿਆਂ ਨੂੰ ਸਿੱਖਿਅਤ ਕਰਨ ਦੀ ਗੱਲ ਕਹੀ ਸੀ ਪਰ ਭਾਵੇਂ ਹੀ ਮੇਰੀ ਪੂਰੀ ਜ਼ਿੰਦਗੀ ਉਨ੍ਹਾਂ ਦਾ ਇਹ ਸੁਪਨਾ ਪੂਰਾ ਕਰਨ ਵਿਚ ਚਲੀ ਜਾਵੇ, ਮੈਂ ਇਹ ਕੰਮ ਕਰਕੇ ਰਹਾਂਗਾ। ‘ਆਪ’ ਨੇਤਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਜਾਣਬੁਝ ਕੇ ਲੋਕਾਂ ਨੂੰ ਅਨਪੜ੍ਹ ਤੇ ਗਰੀਬ ਰੱਖਿਆ। ਅਸੀਂ 5 ਸਾਲ ‘ਚ ਦਿੱਲੀ ‘ਚ ਸਰਕਾਰੀ ਸਕੂਲ ਠੀਕ ਕਰ ਦਿੱਤੇ ਤਾਂ ਕੀ ਯੂ. ਪੀ. ‘ਚ ਨਹੀਂ ਕਰ ਸਕਦੇ ਸੀ? ਪਰ ਹੁਣ ਅਸੀਂ ਇਹ ਕੰਮ ਪੂਰਾ ਕਰਾਂਗੇ।
ਕੇਜਰੀਵਾਲ ਨੇ ਕਿਹਾ ਕਿ 24 ਘੰਟੇ ਮੁਫਤ ਬਿਜਲੀ ਦੇਣਾ ਆਸਾਨ ਕੰਮ ਨਹੀਂ ਹੈ। ਇਹ ਇੱਕ ਚਮਤਕਾਰ ਦੀ ਤਰ੍ਹਾਂ ਹੈ। ਇਸ ਕੰਮ ਲਈ ਉਪਰਵਾਲੇ ਨੇ ਸਾਨੂੰ ਹੀ ਵਰਦਾਨ ਦਿੱਤਾ ਹੈ। ਕੇਜਰੀਵਾਲ ਹੀ ਇਹ ਕਰ ਸਕਦਾ ਹੈ ਤੇ ਹੋਰ ਕੋਈ ਨਹੀਂ। ਸਾਡੀ ਸਰਕਾਰ ਦੀ ਵਜ੍ਹਾ ਨਾਲ ਦਿੱਲੀ ‘ਚ 35 ਲੱਖ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਹਨ। ਨਾਲ ਹੀ ਕੇਜਰੀਵਾਲ ਨੇ ਅਖਿਲੇਸ਼ ਯਾਦਵ ‘ਤੇ ਹਮਲਾ ਬੋਲਦਿਆਂ ਕਿਹਾ ਕਿ ਅੱਜ ਕਲ ਕਈ ਪਾਰਟੀਆਂ ਜਗ੍ਹਾ-ਜਗ੍ਹਾ ਜਾ ਕੇ 300 ਯੂਨਿਟ ਤੇ 200 ਯੂਨਿਟ ਫ੍ਰੀ ਬਿਜਲੀ ਦੇਣ ਦਾ ਦਾਅਵਾ ਕਰ ਰਹੇ ਹਨ ਪਰ ਇਹ ਕੋਈ ਨਹੀਂ ਦੇ ਸਕਦਾ ਹੈ। ਇਸ ਦਾ ਫਾਰਮੂਲਾ ਸਿਰਫ ਤੇ ਸਿਰਫ ਸਾਡੀ ਸਰਕਾਰ ਨੂੰ ਆਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
‘ਆਪ’ ਸੁਪਰੀਮੋ ਨੇ ਯੂ. ਪੀ. ਦੀ ਜਨਤਾ ਨੂੰ ਮੁਫਤ ਬਿਜਲੀ ਤੇ ਨੌਕਰੀ ਦੇ ਨਾਲ-ਨਾਲ ਤੀਰਥ ਯਾਤਰਾ ਯੋਜਨਾ ਤਹਿਤ ਧਾਰਮਿਕ ਸਥਾਨਾਂ ‘ਤੇ ਭੇਜਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਯੂ. ਪੀ. ਵਿਚ ਜੇਕਰ ਸਾਡੀ ਪਾਰਟੀ ਨੂੰ ਮੌਕਾ ਮਿਲਿਆ ਤਾਂ ਸੂਬੇ ਦੇ ਇੱਕ-ਇੱਕ ਆਦਮੀ ਨੂੰ ਫ੍ਰੀ ਵਿਚ ਅਯੁੱਧਿਆ ਤੇ ਅਜਮੇਰ ਸ਼ਰੀਫ ਭੇਜਾਂਗੇ। ਇਸ ਤੋਂ ਇਲਾਵਾ 18 ਸਾਲ ਤੋਂ ਉਪਰ ਦੀਆਂ ਔਰਤਾਂ ਨੂੰ 1000 ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ।