ਪੰਜਾਬ ਵਿੱਚ ਫਿਰ ਤੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਇਸ ਵਾਰ ਫ਼ਿਰੋਜ਼ਪੁਰ ਸਥਿਤ ਡਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਦਫ਼ਤਰ ਦੀ ਕੰਧ ‘ਤੇ ਇਹ ਨਾਅਰੇ ਲਿਖੇ ਗਏ ਹਨ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਖੁਦ ਇਸ ਨੂੰ ਵਾਇਰਲ ਕੀਤਾ।
ਹਾਲਾਂਕਿ ਇਸ ਬਾਰੇ ਪਤਾ ਲੱਗਣ ‘ਤੇ ਪੁਲਿਸ ਨੇ ਤੁਰੰਤ ਇਨ੍ਹਾਂ ਨਾਅਰਿਆਂ ਨੂੰ ਪੇਂਟ ਕਰਵਾ ਕੇ ਮਿਟਾਇਆ। ਇਸ ਕਾਰਵਾਈ ਤੋਂ ਬਾਅਦ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ ਹਨ।
ਸਵੇਰੇ 8.42 ਵਜੇ ਦੇ ਕਰੀਬ SFJ ਦੇ ਗੈਂਗਸਟਰ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵ੍ਹਾਟਸਐਪ ਗਰੁੱਪ ਬਣਾਇਆ, ਜਿਸ ਵਿੱਚ ਮੀਡੀਆ ਨੂੰ ਜੋੜ ਕੇ ਇਹ ਵੀਡੀਓ ਪਾ ਦਿੱਤੀ। ਹਾਲਾਂਕਿ ਪੰਨੂ ਨੇ ਇਸ ਨੂੰ ਡਿਪਟੀ ਕਮਿਸ਼ਨਰ ਦੇ ਘਰ ਜਾਂ ਦਫ਼ਤਰ ਦੇ ਬਾਹਰ ਦੱਸਿਆ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਹ ਡੀਆਰਐੱਮ ਦਫ਼ਤਰ ਦੇ ਬਾਹਰ ਲਿਖਿਆ ਹੋਇਆ ਪਾਇਆ ਗਿਆ। ਪੁਲਿਸ ਨੇ ਡੀਸੀ ਦਫ਼ਤਰ ਦੇ ਬਾਹਰ ਵੀ ਜਾਂਚ ਕੀਤੀ।
ਖਾਲਿਸਤਾਨ ਦੇ ਨਾਅਰੇ ਲਿਖੇ ਹੋਣ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਤੁਰੰਤ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ। ਇਸ ਤੋਂ ਇਲਾਵਾ ਡੀ.ਆਰ.ਐੱਮ. ਦਫ਼ਤਰ ਨੂੰ ਜਾਣ ਵਾਲੀਆਂ ਸੜਕਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਪੁਲਿਸ ਨੂੰ ਕੋਈ ਵੱਡਾ ਸਬੂਤ ਨਹੀਂ ਮਿਲਿਆ ਹੈ।
ਦੱਸ ਦੇਈਏ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਅਜਿਹੀਆਂ ਦੋ ਘਟਨਾਵਾਂ ਵਾਪਰੀਆਂ ਹਨ। ਪਹਿਲਾਂ ਇਹ ਨਾਅਰੇ ਇੱਕ ਪਾਰਕ ਦੀ ਕੰਧ ‘ਤੇ ਲਿਖੇ ਹੋਏ ਸਨ। ਇਸ ਤੋਂ ਬਾਅਦ ਸੈਸ਼ਨ ਜੱਜ ਦੇ ਘਰ ਦੀ ਕੰਧ ‘ਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਗਿਆ। ਪੁਲਿਸ ਨੇ ਇਨ੍ਹਾਂ ਨੂੰ ਪੇਂਟ ਕਰਕੇ ਮਿਟਾ ਦਿੱਤਾ ਪਰ ਅਜੇ ਤੱਕ ਨਾਅਰੇ ਲਿਖਣ ਵਾਲਿਆਂ ਨੂੰ ਫੜ ਨਹੀਂ ਸਕੀ।
ਵੀਡੀਓ ਲਈ ਕਲਿੱਕ ਕਰੋ -: