ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਇੱਕ ਵਾਰ ਫਿਰ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮਾਰਚ ਮਹੀਨੇ ਦਾ ਹੈ ਜਦੋਂ ਰਾਜਸਥਾਨ ਪੁਲਿਸ ਨੇ ਹੁਸ਼ਿਆਰਪੁਰ ਵਿੱਚ ਤਾਇਨਾਤ ਇੱਕ ਡੀਐਸਪੀ ਅਤੇ ਐਸਐਚਓ ਸਣੇ 14 ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਪੰਜਾਬ ਪੁਲਿਸ ਨੇ ਕੋਟਾ ਤੋਂ ਇੱਕ ਨੌਜਵਾਨ ਨੂੰ ਅਗਵਾ ਕੀਤਾ ਸੀ।
ਪੰਜਾਬ ਪੁਲਿਸ ਨੇ ਕੋਟਾ ਤੋਂ 21 ਸਾਲ ਦੇ ਨੌਜਵਾਨ ਨੂੰ ਚੁੱਕਿਆ ਪਰ ਉਸ ਦੀ ਗ੍ਰਿਫਤਾਰੀ ਹੁਸ਼ਿਆਰਪੁਰ ਤੋਂ 22 ਕਿਲੋਮੀਟਰ ਦੂਰ ਦੀ ਦਿਖਾਈ ਸੀ। ਇਸ ਤੋਂ ਬਾਅਦ ਉਸ ਖਿਲਾਫ 10 ਕਿਲੋ ਅਫੀਮ ਰੱਖਣ ਦਾ ਕੇਸ ਦਰਜ ਕਰ ਲਿਆ। ਨੌਜਵਾਨ ਪਿਛਲੇ 3 ਮਹੀਨੇ ਤੋਂ ਗੁਰਦਾਸਪੁਰ ਦੀ ਜੇਲ੍ਹ ਵਿਚ ਬੰਦ ਹੈ।
ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ। ਹਾਈਕੋਰਟ ਦੇ ਹੁਕਮਾਂ ਦੇ ਬਾਅਦ ਹੀ ਕੋਟਾ ਪੁਲਿਸ ਨੇ ਕੇਸ ਦਰਜ ਕੀਤਾ ਹੈ। ਹਾਲਾਂਕਿ ਇਸ ਮੁੱਦੇ ‘ਤੇ ਕੋਈ ਵੀ ਪੁਲਿਸ ਅਧਿਕਾਰੀ ਕੁਝ ਕਹਿਣ ਲਈ ਤਿਆਰ ਨਹੀਂ ਹੈ। ਉਹ ਮਾਮਲੇ ਦੀ ਜਾਣਕਾਰੀ ਨਾ ਹੋਣ ਦੀ ਗੱਲ ਕਹਿ ਰਹੇ ਹਨ। ਹਾਲਾਂਕਿ ਕੇਸ ਦਰਜ ਹੋਣ ਤੋਂ ਬਾਅਦ ਹੁਣ ਹੁਸ਼ਿਆਰਪੁਰ ਪੁਲਿਸ ਦੇ ਸਾਰੇ ਅਫਸਰ ਮੀਟਿੰਗ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪੰਜਾਬ ਪੁਲਿਸ 7 ਮਾਰਚ ਨੂੰ ਹਰਨੂਰ ਨੂੰ ਕੋਟਾ ਤੋਂ ਚੁੱਕ ਕੇ ਲਿਆਈ ਸੀ। ਇਸ ਦੇ ਬਾਅਦ ਉਹ ਘਰ ਨਹੀਂ ਪਰਤਿਆ ਤਾਂ ਅਗਲੇ ਦਿਨ ਪਿਤਾ ਨਿਰਮਲ ਸਿੰਘ ਨੇ ਥਾਣਾ ਕਲੇਰਾ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਉਨ੍ਹਾਂ ਨੇ ਹਰਨੂਰ ਦੀ ਐਪਲ ਆਈਡੀ ਜ਼ਰੀਏ ਲੋਕੇਸ਼ਨ ਲੱਭਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਹੈਰਾਨੀ ਹੋਈ ਜਦੋਂ ਆਖਰੀ ਲੋਕੇਸ਼ਨ ਹੁਸ਼ਿਆਰਪੁਰ ਦੇ ਐੱਸਐੱਸਪੀ ਦੇ ਘਰ ਦੀ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਪਠਾਨਕੋਟ ਦੇ ਐੱਸਐੱਸਪੀ ਜ਼ਰੀਏ ਪਤਾ ਕਰਵਾਇਆ। ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਹਰਨੂਰ ‘ਤੇ ਹੁਸ਼ਿਆਰਪੁਰ ਪੁਲਿਸ ਨੇ 10 ਕਿਲੋ ਅਫੀਮ ਬਰਾਮਦਗੀ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਤੁਰੰਤ ਪੁਲਿਸ ਨੇ ਚਾਲਾਨ ਤੱਕ ਪੇਸ਼ ਕਰ ਦਿੱਤਾ। ਹਾਲਾਂਕਿ ਹੁਣ ਇਸ ‘ਤੇ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ।