ਕਿਰਤੀ ਕਿਸਾਨ ਯੂਨੀਅਨ ਵੱਲੋਂ ਹਰੇ ਇਨਕਲਾਬ ਦੇ ਖੇਤੀ ਮਾਡਲ ਨੂੰ ਬਦਲ ਕੇ ਕੁਦਰਤ ਤੇ ਕਿਸਾਨ ਪੱਖੀ ਹੰਢਣਸਾਰ ਖੇਤੀ ਮਾਡਲ ਲਾਗੂ ਕਰਵਾਓੁਣ ਲਈ ਅੱਜ ਬਾਬਾ ਬੰਦਾ ਸਿੰਘ ਬਹਾਦੁਰ ਦੇ ਸ਼ਹੀਦੀ ਦਿਹਾੜੇ ‘ਤੇ ਪਟਿਆਲਾ, ਸੰਗਰੂਰ, ਲੁਧਿਆਣਾ, ਮੋਗਾ, ਫ਼ਰੀਦਕੋਟ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਅੰਮ੍ਰਿਤਸਰ, ਮੁਕਤਸਰ, ਫਾਜਿਲਕਾ ‘ਚ ਵੱਖ-ਵੱਖ ਥਾਵਾਂ ‘ਤੇ ਜ਼ਿਲ੍ਹਾ ਪੱਧਰੀ ਕਾਨਫਰੰਸਾਂ ਕਰਕੇ ਖੇਤੀ ਮਾਡਲ ਬਦਲਣ ਦੀ ਮੁਹਿੰਮ ਸ਼ੁਰੂ ਕੀਤੀ ਗਈ।
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਾਨਫਰੰਸਾਂ ‘ਚ ਕਿਹਾ ਕਿ ਪੰਜਾਬ ‘ਚ ਹਵਾ, ਪਾਣੀ, ਮਿੱਟੀ ਪ੍ਰਦੂਸ਼ਣ ਦਾ ਗੰਭੀਰ ਸੰਕਟ ਖੜਾ ਹੋ ਗਿਆ ਹੈ ਤੇ ਪੰਜਾਬੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਨੇ। ਪਰ ਸਰਕਾਰ ਇਸਦੇ ਹੱਲ ਲਈ ਝੋਨੇ ਦੀਆਂ ਤਰੀਕਾਂ ਅੱਗੇ-ਪਿੱਛੇ ਕਰਕੇ ਜਾਂ ਬਿਜਾਈ ਦੇ ਤਰੀਕੇ ਬਦਲ ਕੇ ਸੰਕਟ ਦੇ ਹੱਲ ਤੋਂ ਮੂੰਹ ਮੋੜ ਰਹੀ ਹੈ। ਪੰਜਾਬ ‘ਚ ਝੋਨੇ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਪੰਜਾਬ ਚ ਖੇਤੀ ਮਾਡਲ ਸਥਾਨਕ ਲੋੜਾਂ ਤੇ ਵਾਤਾਵਰਣ ਮੁਤਾਬਿਕ ਹੋਣਾ ਚਾਹੀਦਾ ਹੈ। ਪੰਜਾਬ ‘ਚ ਕਣਕ ਝੋਨੇ ਫਸਲੀ ਚੱਕਰ ਬਦਲ ਕੇ ਖੇਤੀ ਨੂੰ ਜ਼ੋਾਂ ਵਿੱਚ ਵੰਡਿਆ ਜਾਵੇ, ਇਹ ਜੋਨ ਕੁਦਰਤੀ ਪੈਦਾਵਾਰੀ ਇਲਾਕੇ ਤੇ ਰੂਪ ਵਿੱਚ ਵੰਡੇ ਜਾਣ। ਜ਼ੋਨ ਆਧਾਰਿਤ ਖੇਤੀ, ਜ਼ੋਨ ਅਧਾਰਿਤ ਖੇਤੀ ਖੋਜ ਕੇਂਦਰ ਤੇ ਜੋਨ ਆਧਾਰਿਤ ਖੇਤੀ ਸਨਅਤ ਹੋਵੇ।
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਕਿਹਾ ਕਿ ਪੰਜਾਬ ਆਪਣੀ ਖਾਣ ਲਈ 94 ਫੀਸਦੀ ਦਾਲ ਬਾਹਰੋਂ ਮੰਗਵਾਓੁਦਾ ਹੈ, ਦਾਲਾਂ ਹੇਠ ਰਕਬਾ ਬਹੁਤ ਵਧਾਇਆ ਜਾ ਸਕਦਾ। ਬਾਗਬਾਨੀ ਹੇਠ ਸਿਰਫ ਕੁੱਲ ਖੇਤੀ ਰਕਬੇ ਦਾ ਸਿਰਫ 2.2 ਫੀਸਦੀ ਏਰੀਆ ਹੈ, ਜਿਸ ਵਿਚ ਜ਼ਿਆਦਾਤਰ ਸਿਰਫ ਕਿੰਨੂ ਤੇ ਅਮਰੂਦ ਅਧੀਨ ਹੈ। ਜਦਕਿ ਪੰਜਾਬ ਵਿੱਚ 25 ਤੋ ਵੱਧ ਕਿਸਮਾਂ ਦਾ ਫਲ ਹੋ ਸਕਦਾ। ਅਨਾਰ ਵਰਗਾ ਮਹਿੰਗਾ ਫਲ, ਜਿਸ ਨੂੰ ਨਾਂਮਾਤਰ ਪਾਣੀ ਚਾਹੀਦੀ ਹੈ, ਓੁਹ ਵੀ ਪੰਜਾਬ ‘ਚ ਬਾਹਰੋਂ ਆ ਕੇ ਵਿਕਦਾ ਹੈ। ਪੰਜਾਬ ‘ਚ ਲੱਖਾਂ ਹੈਕਟੇਅਰ ਬਾਗਬਾਨੀ ਹੇਠ ਰਕਬਾ ਵਧਾਇਆ ਜਾ ਸਕਦਾ, ਜਿਸ ਨਾਲ ਝੋਨੇ ਹੇਠੋਂ ਰਕਬਾ ਘਟੇਗਾ, ਨਾਲ ਹੀ ਦਰੱਖਤ ਵੀ ਵਧਣਗੇ ਤੇ ਵਾਤਾਵਰਣ ਪੱਖੀ ਹੋਵੇਗਾ ਤੇ ਵਧਦੇ ਤਾਪਮਾਨ ਚ ਸਹਾਈ ਹੋਵੇਗਾ। ਬਾਗਬਾਨੀ ‘ਚ ਪੇਂਡੂ ਮਜਦੂਰਾਂ ਲਈ 3 ਤੋਂ 7 ਮਹੀਨੇ ਦਾ ਰੁਜ਼ਗਾਰ ਹੋਵੇਗਾ, ਜੇ ਪ੍ਰੋਸੈਸਿੰਗ ਯੂਨਿਟ ਲੱਗਣ ਤਾਂ ਰੁਜ਼ਗਾਰ ਹੋਰ ਵਧੇਗਾ। ਪਰ ਬਾਗਬਾਨੀ ਲਈ ਸਰਕਾਰ ਨੂੰ ਛੋਟੇ ਕਿਸਾਨਾਂ ਨੂੰ ਸਹਾਇਤਾ ਭੱਤਾ ਦੇਣਾ ਪਏਗਾ ਕਿਉਂਕਿ ਛੋਟਾ ਕਿਸਾਨ ਬਾਗ ਦੇ ਤਿਆਰ ਹੋਣ ਤੱਕ ਕੋਲੋਂ ਗੁਜ਼ਾਰਾ ਨਹੀ ਕਰ ਸਕਦਾ। ਬਾਗਬਾਨੀ ਲਈ ਸਾਰਾ ਸਾਲ ਜ਼ਮੀਨ ਹੇਠਲਾ ਪਾਣੀ ਮੁਕੰਮਲ ਤੌਰ ‘ਤੇ ਬਚਾਇਆ ਜਾ ਸਕਦਾ।
ਇਸ ਨਾਲ ਪਸ਼ੂ ਪਾਲਣ ਦਾ ਕਿੱਤਾ ਵਧ ਸਕਦਾ ਹੈ ਤੇ ਬਹੁਤ ਸਾਰਾ ਰਕਬਾ ਹਰੇ ਚਾਰੇ ਅਧੀਨ ਆ ਸਕਦਾ ਹੈ, ਜੇ ਨਕਲੀ ਦੁੱਧ ਘਿਓ ਤੇ ਹੋਰ ਵਸਤਾਂ ਸਖਤੀ ਨਾਲ ਬੰਦ ਹੋਣ। ਇਸ ਤਰ੍ਹਾਂ ਜਿੱਥੇ ਲੋਕਾਂ ਦੀ ਸਿਹਤ ਦਾ ਨੁਕਸਾਨ ਰੁਕ ਸਕਦਾ ਹੈ, ਓੁੱਥੇ ਡੇਅਰੀ ਦਾ ਕਾਰੋਬਾਰ ਵਿਕਸਿਤ ਕਰਕੇ ਛੋਟੇ ਕਿਸਾਨ ਮਜ਼ਦੂਰਾਂ ਦਾ ਰੁਜ਼ਗਾਰ ਵਧਾਇਆ ਜਾ ਸਕਦਾ। ਮਿਲਾਵਟੀ ਤੇ ਨਕਲੀ ਖੁਰਾਕੀ ਪਦਾਰਥਾਂ ਨੂੰ ਚੈਕ ਕਰਨ ਲਈ ਵੱਧ ਤੋ ਵੱਧ ਲੈਬਜ਼ ਪੰਜਾਬ ‘ਚ ਬਣਾਈਆਂ ਜਾਣ, ਜਿਸ ਨਾਲ ਮਿਲਾਵਟੀ ਤੇ ਨਕਲੀ ਖਾਧ ਪਦਾਰਥਾਂ ਨੂੰ ਜਲਦੀ ਨਿਰਓੁਤਸ਼ਾਹਿਤ ਕੀਤਾ ਜਾ ਸਕਦਾ।
ਨਹਿਰੀ ਪਾਣੀ ਦੀ ਸਹੂਲਤ ਸਾਰਾ ਸਾਲ ਦੇ ਕੇ ਜਮੀਨ ‘ਚੋਂ ਪਾਣੀ ਕੱਢਣਾ ਰੋਕਿਆ ਜਾ ਸਕਦਾ ਹੈ ਤੇ 30 ਫੀਸਦੀ ਪਾਣੀ ਪਾਈਪਾਂ ਰਾਹੀਂ, 70 ਫੀਸਦੀ ਤੁਪਕਾ ਪ੍ਰਣਾਲੀ ਰਾਹੀਂ ਤੇ 60 ਫੀਸਦੀ ਫੁਹਾਰਾ ਸਿਸਟਮ ਰਾਹੀਂ ਪਾਣੀ ਦੀ ਵਿਗਿਆਨਕ ਤਰੀਕੇ ਨਾਲ ਵਰਤੋਂ ਕਰਕੇ ਬਚਾਇਆ ਜਾ ਸਕਦਾ। ਨਹਿਰੀ ਪਾਣੀ ਸਾਰਾ ਸਾਲ ਚੱਲਣਾ ਚਾਹੀਦਾ ਹੈ। ਜਦੋਂ ਕਿਸਾਨਾਂ ਨੂੰ ਪਾਣੀ ਦੀ ਜ਼ਰੂਰਤ ਨਾ ਹੋਵੇ ਤਾ ਮੋਘਿਆਂ ਕੋਲ ਰੀਚਾਰਜ ਪੁਆਇੰਟ ਬਣਾ ਨਹਿਰੀ ਪਾਣੀ ਓੁਸ ਵਿੱਚ ਲਗਾਤਾਰ ਸੁੱਟਿਆ ਜਾਵੇ ਨਾਲ ਹੀ ਦਰਿਆਈ ਪਾਣੀਆਂ ‘ਚ ਜ਼ਹਿਰੀਲਾ ਮਾਦਾ ਮਿਲਾਉਣ ਵਾਲਿਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇ।
ਆਗੂਆਂ ਕਿਹਾ ਕਿ ਖੇਤੀਬਾੜੀ ਦੀ ਲਗਭਗ ਖੋਜ ਕਾਰਪੋਰੇਟ ਲਈ ਹੈ। ਖੇਤੀ ਖੋਜ ਸਥਾਨਕ ਲੋੜਾਂ ਲਈ ਨਹੀ ਹੋ ਰਹੀ ।ਯੂਨੀਵਰਸਿਟੀ ਨੇ ਝੋਨੇ ਦੇ ਕਣਕ ਦੀਆਂ ਕਈ ਗੁਣਾ ਵੱਧ ਝਾੜ ਵਾਲੀਆਂ ਕਿਸਮਾਂ ਦੀ ਖੋਜ ਕਰ ਲਈ ਪਰ ਦਾਲਾਂ ਦਾ ਝਾੜ ਦਹਾਕਿਆਂ ਤੋ ਓੁੱਥੇ ਹੀ ਖੜਾ ਹੈ। ਇਸੇ ਤਰ੍ਹਾਂ ਬੀਜ ਦੇ ਕਾਰੋਬਾਰ ਚੋ ਕਾਰਪੋਰੇਟ ਨੂੰ ਮੁਕੰਮਲ ਤੌਰ ‘ਤੇ ਬਾਹਰ ਕਰਨਾ ਚਾਹੀਦਾ ਤੇ ਸਥਾਨਕ ਬੀਜਾਂ ਦਾ ਝਾੜ ਵਧਾਉਣ ਲਈ ਖੋਜ ਕਰਨੀ ਚਾਹੀਦੀ ਹੈ।
ਛੋਟੀ ਕਿਸਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਓੁਪਰਾਲੇ ਕਰਨੇ ਚਾਹੀਦੇ ਨੇ, ਜਿਸ ਲਈ ਛੋਟੀ ਕਿਸਾਨੀ ਦੀ ਜ਼ਮੀਨ ਮੁੜ ਮੁਰੱਬੇਬੰਦੀ ਕਰਕੇ ਇੱਕ ਪਾਸੇ ਕਰਕੇ ਸਿੰਜਾਈ ਦਾ ਪ੍ਰਬੰਧ ਕਰਨਾ ਚਾਹੀਦੀ ਤੇ ਪਿੰਡਾਂ ਵਿੱਚ ਖੇਤੀ ਸੰਦ ਕੇੰਦਰ ਖੋਲ੍ਹਣੇ ਚਾਹੀਦੇ ਹਨ ਤੇ ਛੋਟੇ ਕਿਸਾਨਾਂ ਨੂੰ ਬਿਨਾਂ ਕਿਰਾਇਆ ਖੇਤੀ ਸੰਦ ਮਿਲਣੇ ਚਾਹੀਦੇ ਨੇ। ਉਨ੍ਹਾਂ ਕਿਹਾ ਕੇ ਬਿਜਲੀ ਪਾਣੀ ਦੀ ਨੀਤੀ ਸਰਕਾਰ ਦੀ ਕਣਕ ਝੋਨੇ ਦੀ ਬਜਾਏ ਸਮੁੱਚੀਆਂ ਫਸਲਾਂ ਲਈ ਹੋਣੀ ਚਾਹੀਦੀ ਹੈ ਤਾਂਜੋ ਹੋਰ ਫਸਲਾਂ ਦੀ ਕਾਸ਼ਤ ਓੁਤਸ਼ਾਹਿਤ ਹੋ ਸਕੇ।
ਆਗੂਆਂ ਕਿਹਾ ਕੇ ਭਾਰਤ ਪਾਕਿਸਤਾਨ ਵਪਾਰ ਖੋਲਣਾ ਚਾਹੀਦਾ, ਜਿਸ ਨਾਲ ਵੀ ਕਿਸਾਨੀ ਨੂੰ ਕਈ ਤਰ੍ਹਾਂ ਦਾ ਲਾਭ ਹੋਵੇਗਾ। ਕਿਰਤੀ ਕਿਸਾਨ ਯੂਨੀਅਨ ਨੇ ਹਰੇ ਇਨਕਲਾਬ ਦੀ ਥਾਂ ਹੰਢਣਸਾਰ ਖੇਤੀ ਮਾਡਲ ਓੁਸਾਰਣ ਤੱਕ ਜੱਦੋ-ਜਹਿਦ ਜਾਰੀ ਰੱਖਣ ਦਾ ਐਲਾਨ ਕੀਤਾ। ਪੰਜਾਬ ਭਰ ‘ਚ ਹੋਈਆਂ ਅੱਜ ਦੀ ਖੇਤੀ ਮਾਡਲ ਬਦਲੋ ਕਾਨਫਰੰਸਾਂ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ, ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ, ਖਜ਼ਾਨਚੀ ਹਰਮੇਸ਼ ਢੇਸੀ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਲੌਂਗੋਵਾਲ ਇਸਤਰੀ ਵਿੰਗ ਦੇ ਕਨਵੀਨਰ ਹਰਦੀਪ ਕੌਰ ਕੋਟਲਾ, ਸੂਬਾਈ ਆਗੂ ਰਮਿੰਦਰ ਸਿੰਘ ਪਟਿਆਲਾ ਜਸਵਿੰਦਰ ਸਿੰਘ ਝਬੇਲਵਾਲੀ, ਤਰਲੋਚਨ ਝੋਰੜਾਂ, ਸੰਤੋਖ ਸੰਧੂ, ਸੁਰਿੰਦਰ ਬੈਂਸ, ਜਗਤਾਰ ਭਿੰਡਰ ਆਗੂਆਂ ਨੇ ਸੰਬੋਧਨ ਕੀਤਾ।
ਵੀਡੀਓ ਲਈ ਕਲਿੱਕ ਕਰੋ -: