ਲੁਧਿਆਣਾ ਦੇ ਲੋਕਾਂ ਨੂੰ ਬਹੁਤ ਜਲਦ ਪੰਜਾਬ ਦਾ ਪਹਿਲਾ ਅਤੇ ਸਭ ਤੋਂ ਵੱਡਾ ਡਾਇਲਸਿਸ ਸੈਂਟਰ ਮਿਲਣ ਜਾ ਰਿਹਾ ਹੈ। ਇਹ ਕੇਂਦਰ ਪੰਚਮ ਹਸਪਤਾਲ ਨੇੜੇ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਨੇੜੇ ਹੋਵੇਗਾ। ਇਸ ਸੈਂਟਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਕੋਈ ਕੈਸ਼ ਕਾਊਂਟਰ ਨਹੀਂ ਹੋਵੇਗਾ, ਭਾਵ ਇੱਥੇ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ।
ਇਹ ਡਾਇਲਸਿਸ ਸੈਂਟਰ ਹੈਲਪਫੁੱਲ ਐਨਜੀਓ ਵੈਲਫੇਅਰ ਸੁਸਾਇਟੀ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੇ ਐਮਓਯੂ ਪੱਤਰ ’ਤੇ ਅੱਜ ਸੰਸਥਾ ਦੇ ਮੁਖੀ ਅਤੇ ਸਿਵਲ ਸਰਜਨ ਵੱਲੋਂ ਦਸਤਖਤ ਕੀਤੇ ਗਏ।
ਸੰਸਥਾ ਦੇ ਸੰਸਥਾਪਕ ਮੈਂਬਰ ਦੀਪਕ ਗਰਗ ਨੇ ਸਿਵਲ ਸਰਜਨ, ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਦਾ ਇਸ ਸੈਂਟਰ ਨੂੰ ਬਣਾਉਣ ਅਤੇ ਚਲਾਉਣ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਸੰਸਥਾ ਦੇ ਸੰਸਥਾਪਕ ਮੈਂਬਰਾਂ ਰਾਕੇਸ਼ ਜੈਨ, ਸੋਨੂੰ ਸਿੰਗਲਾ ਅਤੇ ਬਾਬਾ ਅਸ਼ੋਕ ਮਿੱਤਲ ਨੇ ਦੱਸਿਆ ਕਿ ਸੈਂਟਰ ਦਾ ਨਿਰਮਾਣ ਆਧੁਨਿਕ ਤਰੀਕੇ ਨਾਲ ਕੀਤਾ ਜਾ ਰਿਹਾ ਹੈ।
ਮਰੀਜ਼ਾਂ ਦੇ ਹਰ ਬੈੱਡ ਦੇ ਅੱਗੇ ਇੱਕ ਐਲ.ਸੀ.ਡੀ. ਲਾਈ ਜਾਵੇਗੀ। ਇਹ ਸੈਂਟਰ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੋਵੇਗਾ। ਦਵਾਈਆਂ ਆਦਿ ਦੀ ਸਹੂਲਤ ਵੀ ਸੰਸਥਾ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਅਸ਼ੋਕ ਮਿੱਤਲ ਅਤੇ ਪਿੰਕੀ ਸ਼ਾਹ ਨੇ ਵੀ ਸੰਸਥਾ ਨੂੰ ਗਿਆਰਾਂ ਲੱਖ ਰੁਪਏ ਦਾਨ ਦੇਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਸਕੂਲੀ ਵਿਦਿਆਰਥਣਾਂ ਦੀਆਂ ਪਾਣੀ ਦੀਆਂ ਬੋਤਲਾਂ ‘ਚ ਭਰਿਆ ਪਿਸ਼ਾਬ! ਪਰਿਵਾਰ ਵਾਲਿਆਂ ਵੱਲੋਂ ਹੰਗਾਮਾ
ਇਸ ਮੌਕੇ ਜਗਰਾਓਂ ਤੋਂ ਮਾਤਾ ਗੁਜਰੀ ਟਰੱਸਟ ਦੇ ਸੰਸਥਾਪਕ ਸੰਦੀਪ ਗੁਪਤਾ, ਵਿਕਾਸ ਗੁਪਤਾ, ਪੰਕਜ ਗਰਗ, ਅਸ਼ੋਕ ਭਾਰਤੀ ਨੇ ਦੱਸਿਆ ਕਿ ਸਾਡੇ ਵੱਲੋਂ ਵੀ ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਡਾਇਲਸਿਸ ਸੈਂਟਰਾਂ ਵਿੱਚ 20 ਮਸ਼ੀਨਾਂ ਚਲਾਈਆਂ ਜਾ ਰਹੀਆਂ ਹਨ। ਜਿੱਥੇ ਮਰੀਜਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: