ਪੰਜਾਬ ‘ਚ ਲੰਪੀ ਸਕਿੱਨ ਰੋਗ ਦੀ ਰੋਕਥਾਮ ਨੂੰ ਲੈ ਕੇ ਅਸਰਦਾਰ ਨਿਗਰਾਨੀ ਲਈ ਗਠਿਤ ਮੰਤਰੀਆਂ ਦੀ ਕਮੇਟੀ ਨੇ ਗੋਟ ਪਾਕਸ ਦਵਾਈ ਦੀਆਂ 3.33 ਲੱਖ ਹੋਰ ਖੁਰਾਕਾਂ ਮੰਗਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕਮੇਟੀ ਨੇ ਪਸ਼ੂਆਂ ਦੇ ਟੀਕਾਕਰਨ ਦੇ ਟੀਚੇ ਨੂੰ ਦੁੱਗਣਾ ਕਰਦੇ ਹੋਏ ਰੋਜ਼ਾਨਾ 50 ਹਜ਼ਾਰ ਪਸ਼ੂਆਂ ਦਾ ਟੀਕਾਕਰਨ ਕਰਨ ਦਾ ਟੀਚਾ ਤੈਅ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਦੀ ਇਹ ਕਮੇਟੀ ਬਣਾਈ ਸੀ। ਕਮੇਟੀ ਦੀ ਪਹਿਲੀ ਮੀਟਿੰਗ ਸ਼ੁੱਕਰਵਾਰ ਨੂੰ ਪੰਜਾਬ ਭਵਨ ਵਿਖੇ ਹੋਈ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹਦਾਇਤ ਕੀਤੀ ਕਿ ਦੇਸ਼ ਦੀਆਂ ਪ੍ਰਮਾਣਿਤ ਵੈਟਰਨਰੀ ਸੰਸਥਾਵਾਂ ਤੋਂ 3.33 ਲੱਖ ਹੋਰ ਖੁਰਾਕਾਂ ਤੁਰੰਤ ਮੰਗਵਾ ਕੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਭੇਜੀਆਂ ਜਾਣ ਤਾਂ ਜੋ ਟੀਕਾਕਰਨ ਮੁਹਿੰਮ ਵਿੱਚ ਕੋਈ ਰੁਕਾਵਟ ਨਾ ਆਵੇ।
ਮੰਤਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਬਿਮਾਰੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਰੋਜ਼ਾਨਾ ਰਿਪੋਰਟ ਲੈ ਰਹੇ ਹਨ। ਕਮੇਟੀ ਨੇ ਹਦਾਇਤ ਕੀਤੀ ਕਿ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਅਤੇ ਇਸ ਟੀਚੇ ਨੂੰ ਦੁੱਗਣਾ ਕਰਕੇ ਰੋਜ਼ਾਨਾ 50,000 ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 1 ਲੱਖ 30 ਹਜ਼ਾਰ ਤੋਂ ਵੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਕਮੇਟੀ ਨੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਸ਼ੂਆਂ ਨੂੰ ਕੈਲਸ਼ੀਅਮ, ਵਿਟਾਮਿਨ ਅਤੇ ਹੋਰ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ। ਜਦੋਂ ਤੱਕ ਬਿਮਾਰੀ ‘ਤੇ ਕਾਬੂ ਨਹੀਂ ਪਾਇਆ ਜਾਂਦਾ ਉਦੋਂ ਤੱਕ ਸੂਬੇ ਵਿੱਚ ਕੋਈ ਵੀ ਪਸ਼ੂ ਮੇਲਾ ਨਾ ਲਗਾਇਆ ਜਾਵੇ ਅਤੇ ਦੂਜੇ ਰਾਜਾਂ ਤੋਂ ਪਸ਼ੂਆਂ ਦੇ ਪੰਜਾਬ ਵਿੱਚ ਦਾਖਲੇ ‘ਤੇ ਪਾਬੰਦੀ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਜੀਓਐਮ ਨੇ ਰਾਜ ਵਿੱਚ ਮੱਛਰ ਵਿਰੋਧੀ ਛਿੜਕਾਅ ਦੇ ਕੰਮ ਦੀ ਵੀ ਸਮੀਖਿਆ ਕੀਤੀ।
ਮੰਤਰੀਆਂ ਦੀ ਕਮੇਟੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਬੀ.ਡੀ.ਪੀ.ਓਜ਼ ਨੂੰ ਮੁਰਦਾ ਪਸ਼ੂਆਂ ਨੂੰ ਖੁੱਲੇ ਵਿੱਚ ਸੁੱਟਣ ਤੋਂ ਰੋਕਣ ਲਈ ਫੰਡ ਜਾਰੀ ਕਰਕੇ ਦਫ਼ਨਾਉਣ ਦੇ ਨਿਰਦੇਸ਼ ਦਿੱਤੇ ਹਨ। ਮੰਤਰੀ ਨੇ ਦੱਸਿਆ ਕਿ ਬੀ.ਡੀ.ਪੀ.ਓਜ਼ ਆਪਣੇ ਖੇਤਰਾਂ ਵਿੱਚ ਜੇ.ਸੀ.ਬੀ. ਦਾ ਪ੍ਰਬੰਧ ਕਰਨਗੇ ਅਤੇ ਮਰੇ ਹੋਏ ਪਸ਼ੂਆਂ ਨੂੰ ਦਫ਼ਨਾਉਣ ਨੂੰ ਯਕੀਨੀ ਬਣਾਉਣਗੇ। ਕਮੇਟੀ ਨੇ ਬੀ.ਡੀ.ਪੀ.ਓਜ਼ ਨੂੰ ਪਿੰਡਾਂ ਦੇ ਸਰਪੰਚਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਸ਼ੂਆਂ ਦੀਆਂ ਲਾਸ਼ਾਂ ਨੂੰ ਖੁੱਲੇ ਵਿੱਚ ਨਾ ਸੁੱਟਣ।
ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਪੇਂਡੂ ਵਿਕਾਸ ਵਿਭਾਗ ਦੇ ਵਿੱਤ ਕਮਿਸ਼ਨਰ ਕੇ. ਸਿਵਾ ਪ੍ਰਸਾਦ ਅਤੇ ਡਾਇਰੈਕਟਰ ਪਸ਼ੂ ਪਾਲਣ ਡਾ: ਸੰਜੀਵ ਗੋਇਲ ਵੀ ਹਾਜ਼ਰ ਸਨ। ਜਦਕਿ ਵੈਟਰਨਰੀ ਸਾਇੰਸ ਕਾਲਜ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਡੀਨ ਡਾ.ਐਸ.ਪੀ.ਐਸ.ਘੁੰਮਣ ਅਤੇ ਕਲੀਨਿਕਾਂ ਦੇ ਡਾਇਰੈਕਟਰ ਡਾ.ਐਸ.ਐਸ.ਰੰਧਾਵਾ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਿਲ ਹੋਏ।
ਇਹ ਵੀ ਪੜ੍ਹੋ : ਮਲੋਟ : ਪਿੰਡ ਕੋਲਿਆਂਵਾਲੀ ਦੇ ਖੇਤਾਂ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, ਪਾਣੀ ਨੂੰ ਲੈ ਕੇ ਹੋਏ ਝਗੜੇ ‘ਚ 6 ਕਿਸਾਨ ਫੱਟੜ
ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਲੰਪੀ ਪੀੜਤ ਪਸ਼ੂਆਂ ਦਾ ਦੁੱਧ ਨਾ ਪੀਣ ਸਬੰਧੀ ਅਫਵਾਹਾਂ ‘ਤੇ ਰੋਕ ਲਾਉਂਦੇ ਹੋਏ ਕਿਹਾ ਕਿ ਦੁੱਧ ਨੂੰ ਚੰਗੀ ਤਰ੍ਹਾਂ ਤੋਂ ਉਬਾਲ ਕੇ ਪੀਓ। ਇਸ ਨਾਲ ਇਹ ਰੋਗ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਇਸ ਬੀਮਾਰੀ ਦੀ ਰੋਕਥਾਮ ਲਈ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ।
ਜਲ ਸਰੋਤ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਰੇ ਹੋਏ ਪਸ਼ੂਆਂ ਨੂੰ ਕਿਸੇ ਵੀ ਜਲ ਸਰੋਤ ਵਿੱਚ ਨਾ ਸੁੱਟਣ। ਪਸ਼ੂ ਪਾਲਣ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਸਫਾਈ ਦੇ ਤਰੀਕੇ ਅਪਣਾ ਕੇ ਡੂੰਘੇ ਟੋਏ ਪੁੱਟ ਕੇ ਮਰੇ ਹੋਏ ਪਸ਼ੂਆਂ ਨੂੰ ਦਫਨਾਇਆ ਜਾਵੇ। ਪਾਣੀ ਦੇ ਸੋਮਿਆਂ ਵਿੱਚ ਮਰੇ ਹੋਏ ਪਸ਼ੂਆਂ ਦਾ ਵਹਾਅ ਆਮ ਲੋਕਾਂ ਲਈ ਖਤਰਾ ਪੈਦਾ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: