ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਇੱਕ ਵਾਰ ਫਿਰ ਅਚਾਨਕ ਵੱਡੀ ਕਾਰਵਾਈ ਕਰਦੇ ਹੋਏ ਪਿਕਲਿੰਗ ਪ੍ਰੋਸੈੱਸ ਲਈ ਸਲਫਿਊਰਿਕ ਐਸਿਡ ਦੀ ਵਰਤੋਂ ਕਰਨ ਲਈ ਲੁਧਿਆਣਾ ਵਿੱਚ ਦੋ ਯੂਨਿਟ ਬੰਦ ਕਰ ਦਿੱਤੇ ਹਨ। ਇਸ ਦੇ ਨਾਲ ਹੀ ਨੌਂ ਯੂਨਿਟਾਂ ਨੂੰ ਜੁਰਮਾਨਾ ਕੀਤਾ ਗਿਆ ਹੈ।
ਇਹ ਕਾਰਵਾਈ ਵਿਗਿਆਨ, ਟੈਕਨੋਲੋਜੀ ਅਤੇ ਵਾਤਾਵਰਣ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਦੀਆਂ ਹਿਦਾਇਤਾਂ ‘ਤੇ ਕੀਤੀ ਗਈ ਹੈ। ਅਨੁਰਾਗ ਵਰਮਾ ਮੁਤਾਬਕ ਪੀਪੀਸੀਬੀ ਨੂੰ ਸ਼ਿਕਾਇਤਾਂ ਆਈਆਂ ਸਨ ਕਿ ਕੁਝ ਕੰਪਨੀਆਂ ਪਿਕਲਿੰਗ ਪ੍ਰੋਸੈਸ ਲਈ ਸਲਫਿਊਰਿਕ ਐਸਿਡ ਦੀ ਵਰਤੋਂ ਕਰ ਰਹੀਆਂ ਹਨ। ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਭਾਗ ਨੇ ਅਚਾਨਕ ਨਿਰੀਖਣ ਕੀਤਾ। ਇਸ ਦੌਰਾਨ ਮਿਲੀਆਂ ਸ਼ਿਕਾਇਤਾਂ ਨੂੰ ਸਹੀ ਪਾਇਆ ਗਿਆ ਹੈ।
ਵਿਭਾਗ ਨੇ ਪਹਿਲਾਂ ਇਨ੍ਹਾਂ ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ। ਇਨ੍ਹਾਂ ਕੰਪਨੀਆਂ ਵਿਚ ਵਰਤੇ ਜਾ ਰਹੇ ਐਸਿਡ ਦੇ ਨਮੂਨੇ ਵੀ ਲਏ ਗਏ ਹਨ। ਇਨ੍ਹਾਂ ਕੰਪਨੀਆਂ ਵੱਲੋਂ ਬਿਨਾਂ ਕਿਸੇ ਇਜਾਜ਼ਤ ਤੇ ਮਾਪਦੰਡਾਂ ਨੂੰ ਅਣਗੌਲਿਆਂ ਕਰਦੇ ਹੋਏ ਕੀਤੀ ਜਾ ਰਹੀ ਹੈ ਅਤੇ ਇਸ ਐਸਿਡ ਦਾ ਵਾਤਾਵਰਣ ‘ਤੇ ਮਾੜਾ ਪ੍ਰਭਾਵ ਪੈ ਰਿਹਾ ਸੀ।
ਵਿਭਾਗ ਨੇ ਰਵਿੰਦਰਾ ਅਲਾਏ ਇੰਡਸਟਰੀਜ਼ ਜਸਪਾਲ ਬਾਂਗਰ ਅਤੇ ਸੌਂਦ ਇੰਪੈਕਸ ਫੋਕਲ ਪੁਆਇੰਟ ਫੇਜ਼ -4 ਨੂੰ ਬੰਦ ਕਰ ਦਿੱਤਾ ਹੈ। ਇਸਦੇ ਨਾਲ ਹੀ ਅੱਠ ਯੂਨਿਟਾਂ ਉੱਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ਵਿੱਚ ਗਣਪਤੀ ਫਾਸਟਨਰ ਇੰਡਸਟ੍ਰੀਏਰੀਆ ਸੀ, ਅਸ਼ੋਕਾ ਇੰਡਸਟਰੀਅਲ ਫਾਸਟਨਰ ਫੇਜ਼ -4, ਅਮਰਜੀਤ ਸਟੀਲ ਦਸ਼ਮੇਸ਼ ਨਗਰ, ਵਿਸ਼ਨੂੰ ਵਾਇਰ ਫੇਜ਼ -8, ਅਸ਼ੀਸ਼ ਇੰਟਰਨੈਸ਼ਨਲ ਫੇਜ਼-6, ਅਭੈ ਸਟੀਲ ਪ੍ਰਾਈਵੇਟ ਲਿਮਟਿਡ ਫੇਜ਼-6 ਸ਼ਾਮਲ ਹਨ।
ਇਹ ਵੀ ਪੜ੍ਹੋ : ਆਪਣੀ ਹੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਣ ਤੋਂ ਬਾਜ਼ ਨਹੀਂ ਆ ਰਹੇ ਸਿੱਧੂ, ਹਾਈਕਮਾਨ ਨੇ ਦਿੱਤੀ ਨਸੀਹਤ
ਵਰਮਾ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਲਈ ਇਨ੍ਹਾਂ ਸਾਰੀਆਂ ਯੂਨਿਟਾਂ ਉੱਤੇ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਕੰਪਨੀਆਂ ਵਿਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਪਾਈਆਂ ਗਈਆਂ ਹਨ। ਇਹ ਵਾਤਾਵਰਣ ਲਈ ਬਹੁਤ ਖਤਰਨਾਕ ਹਨ। ਮੀਡੀਅਮ ਸਕੇਲ ਯੂਨਿਟ ਵੱਲਭ ਸਟੀਲ ਲਿਮਟਿਡ ਨੰਦਪੁਰ ਵਿਭਾਗ ਦੀ ਵੈਲਿਡ ਸਹਿਮਤੀ ਲਏ ਬਗੈਰ ਯੂਨਿਟ ਚਲਾ ਰਿਹਾ ਸੀ। ਅਜਿਹੀ ਸਥਿਤੀ ਵਿੱਚ ਵਿਭਾਗ ਵੱਲੋਂ ਯੂਨਿਟ ਨੂੰ 1.5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸਦੇ ਨਾਲ ਬਹੁਤ ਸਾਰੀਆਂ ਯੂਨਿਟਾਂ ਹਨ ਜਿਨ੍ਹਾਂ ਵਿੱਚ ਬਹੁਤ ਘੱਟ ਮਾਮੂਲੀ ਕਮੀਆਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਸੁਧਰਨ ਦਾ ਮੌਕਾ ਦੇਣ ਦੇ ਨਾਲ-ਨਾਲ ਅਧਿਕਾਰੀਆਂ ਨੂੰ ਦੁਬਾਰਾ ਜਾਂਚ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਸਬੰਧੀ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।