ਗੁਜਰਾਤ ਦੇ ਸੂਰਤ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੇ ਆਪਣੇ ਸਾਬਕਾ ਪਤੀ ‘ਤੇ ਉਸ ਨੂੰ ਐੱਚਆਈਵੀ ਪਾਜ਼ੀਟਿਵ ਦਾ ਟੀਕਾ ਲਾਉਣ ਦਾ ਦੋਸ਼ ਲਗਾਇਆ ਹੈ। ਇਲਜ਼ਾਮ ਹੈ ਕਿ ਸਾਬਕਾ ਪਤਨੀ ਨੇ ਉਸ ਕੋਲ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਨਾਰਾਜ਼ ਪਤੀ ਨੇ ਰਾਤ ਨੂੰ ਇੱਕ ਐਚਆਈਵੀ ਪਾਜ਼ੇਟਿਵ ਮਰੀਜ਼ ਦੇ ਖੂਨ ਵਾਲੀ ਸਰਿੰਜ ਦਾ ਟੀਕਾ ਲਗਾ ਦਿੱਤਾ। ਮੁਲਜ਼ਮ ਦੀ ਪਛਾਣ ਸੂਰਤ ਦੇ ਰਹਿਣ ਵਾਲੇ 35 ਸਾਲਾ ਡਰਾਈਵਰ ਸ਼ੰਕਰ ਕਾਂਬਲੀ ਵਜੋਂ ਹੋਈ ਹੈ। ਘਟਨਾ 25 ਦਸੰਬਰ ਦੀ ਹੈ।
ਪੁਲਿਸ ਨੇ ਦੱਸਿਆ ਕਿ ਪੀੜਤ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਸੋਮਵਾਰ 26 ਦਸੰਬਰ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਪਤੀ ਨੇ ਕਥਿਤ ਤੌਰ ‘ਤੇ ਇਸ ਅਪਰਾਧ ਵਾਸਤੇ ਇਕ ਟੀਵੀ ਸ਼ੋਅ ਵੇਖ ਕੇ ਪਲਾਨ ਬਣਾਇਆ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਦੱਸਿਆ ਕਿ ਦੋਵਾਂ ਦੀ 15 ਸਾਲ ਪਹਿਲਾਂ ਲਵ ਮੈਰਿਜ ਹੋਇਆ ਸੀ। ਲਗਾਤਾਰ ਝਗੜਿਆਂ ਕਾਰਨ ਕਰੀਬ ਦੋ ਮਹੀਨੇ ਪਹਿਲਾਂ ਦੋਵਾਂ ਦਾ ਤਲਾਕ ਹੋ ਗਿਆ ਸੀ। ਹਾਲਾਂਕਿ ਬੱਚਿਆਂ ਕਾਰਨ ਦੋਵੇਂ ਇਕ-ਦੂਜੇ ਦੇ ਸੰਪਰਕ ‘ਚ ਸਨ। ਪੁਲਿਸ ਨੇ ਕਿਹਾ ਕਿ ਵਿਅਕਤੀ ਨੇ ਇੱਕ ਮਹੀਨਾ ਪਹਿਲਾਂ ਹਮਲੇ ਦੀ ਯੋਜਨਾ ਬਣਾਈ ਸੀ ਅਤੇ ਉਹ ਆਪਣੀ ਸਾਬਕਾ ਪਤਨੀ ਨੂੰ ਮਿਲਣ ਦੀ ਉਡੀਕ ਕਰ ਰਿਹਾ ਸੀ। ਉਸ ਨੇ ਐੱਚਆਈਵੀ ਪਾਜ਼ੀਟਿਵ ਵਿਅਕਤੀ ਦੇ ਖੂਨ ਦਾ ਵੀ ਇੰਤਜ਼ਾਮ ਕੀਤਾ ਸੀ।
ਜਾਂਚ ਅਧਿਕਾਰੀ ਐਚ.ਐਨ ਪਰਮਾਰ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਸ ਨੇ ਆਪਣੀ ਸਾਬਕਾ ਪਤਨੀ ਨੂੰ ਐੱਚਆਈਵੀ ਸੰਕਰਮਿਤ ਖੂਨ ਦਾ ਟੀਕਾ ਲਗਾਉਣ ਦੀ ਗੱਲ ਕਬੂਲ ਕੀਤੀ ਹੈ। ਐਤਵਾਰ ਨੂੰ ਦੋਵਾਂ ਨੇ ਪੂਰਾ ਦਿਨ ਇਕੱਠੇ ਖਰੀਦਦਾਰੀ ਕੀਤੀ, ਰੈਸਟੋਰੈਂਟਾਂ ਵਿੱਚ ਖਾਣਾ ਖਾਧਾ ਅਤੇ ਘੁੰਮੇ-ਫਿਰੇ। ਸ਼ਾਮ ਨੂੰ ਉਹ ਨਿੱਜੀ ਸਮਾਂ ਬਿਤਾਉਣ ਲਈ ਮੋੜਾ ਭਾਗਲ ਇਲਾਕੇ ਦੇ ਇਕ ਸੁੰਨਸਾਨ ਥਾਂ ‘ਤੇ ਗਏ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੇਰੀਏਂਟ ਦਾ ਖੌਫ, ਪੰਜਾਬ ‘ਚ ਇੱਕ ਦਿਨ ‘ਚ 1499 ਲੋਕਾਂ ਨੇ ਲਗਵਾਈ ਬੂਸਟਰ ਡੋਜ਼
ਦੋਸ਼ੀ ਨੇ ਦੁਬਾਰਾ ਆਪਣੀ ਸਾਬਕਾ ਪਤਨੀ ਨੂੰ ਆਪਣੇ ਨਾਲ ਰਹਿਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਇਨਕਾਰ ਕਰ ਦਿੱਤਾ। ਪਤੀ ਨੇ ਔਰਤ ਨੂੰ ਜੱਫੀ ਪਾ ਕੇ ਸਰਿੰਜ ਰਾਹੀਂ ਉਸ ਦੇ ਸਰੀਰ ਵਿੱਚ HIV ਪਾਜ਼ੀਟਿਵ ਖੂਨ ਦਾ ਟੀਕਾ ਲਗਾਇਆ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਕੁਝ ਸਮੇਂ ਲਈ ਬੇਹੋਸ਼ ਹੋ ਗਈ ਅਤੇ ਹੋਸ਼ ‘ਚ ਆਉਣ ਤੋਂ ਬਾਅਦ ਪੁਲਿਸ ਨਾਲ ਸੰਪਰਕ ਕੀਤਾ। ਪੁਲਸ ਨੂੰ ਦੋਸ਼ੀ ਦੇ ਪੈਂਟ ਦੀ ਜੇਬ ਤੋਂ ਖੂਨ ਮਿਲਿਆ ਹੈ।
ਇੱਕ ਪੁਲਿਸ ਅਧਿਕਾਰੀ ਨੇ ਕਿਹਾ, “ਸਾਨੂੰ ਦੱਸਿਆ ਗਿਆ ਕਿ ਉਸ ਨੇ ਇੱਕ ਟੀਵੀ ਸ਼ੋਅ ਦੇਖਿਆ ਸੀ ਜਿਸ ਵਿੱਚ ਇੱਕ ਆਦਮੀ ਨੇ ਇੱਕ ਔਰਤ ਨੂੰ ਕੁੱਤੇ ਦੇ ਖੂਨ ਵਾਲਾ ਟੀਕਾ ਲਗਾਇਆ ਸੀ। ਇਸ ਤੋਂ ਇੱਕ ਕਦਮ ਅੱਗੇ ਜਾ ਕੇ ਉਸ ਨੇ ਇੱਕ ਐੱਚਆਈਵੀ ਪਾਜ਼ੀਟਿਵ ਬੰਦੇ ਦਾ ਖੂਨ ਲਿਆ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਜਾਂਚ ਕਰ ਰਹੀ ਹੈ ਕਿ ਉਸ ਨੇ ਐੱਚਆਈਵੀ ਪਾਜ਼ੀਟਿਵ ਖੂਨ ਕਿਵੇਂ ਲਿਆ।
ਵੀਡੀਓ ਲਈ ਕਲਿੱਕ ਕਰੋ -: