ਲੁਧਿਆਣਾ ਜ਼ਿਲ੍ਹੇ ਦੇ ਖੰਨਾ ਕਸਬੇ ਵਿੱਚ ਇੱਕ ਵਿਅਕਤੀ ਨੇ ਆਪਣੇ ਪਿਓ, ਮਤਰੇਈ ਮਾਂ ਅਤੇ ਉਸ ਦੇ ਬੱਚਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। 47 ਸਾਲਾਂ ਅਸ਼ੋਕ ਪਾਸਵਾਨ ਨੇ ਘਰ ‘ਚ ਪਈ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਹਾਲਾਂਕਿ ਰਿਸ਼ਤੇਦਾਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਸਿਵਲ ਹਸਪਤਾਲ ਖੰਨਾ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਪਰ ਅਸ਼ੋਕ ਪਾਸਵਾਨ ਦੀ ਫਤਿਹਗੜ੍ਹ ਸਾਹਿਬ ਪਹੁੰਚਦੇ ਹੀ ਰਸਤੇ ਵਿੱਚ ਮੌਤ ਹੋ ਗਈ। ਅਸ਼ੋਕ ਪਾਸਵਾਨ ਨੇ ਜ਼ਹਿਰ ਨਿਗਲਣ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ ਸੀ, ਜਿਸ ਵਿੱਚ ਉਸ ਨੇ ਆਪਣੀ ਮੌਤ ਲਈ ਆਪਣੇ ਪਿਤਾ, ਮਤਰੇਈ ਮਾਂ ਅਤੇ ਉਸ ਦੇ ਦੋ ਬੱਚਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਮ੍ਰਿਤਕ ਅਸ਼ੋਕ ਦੇ ਭਰਾ ਮਿਥਲੇਸ਼ ਅਤੇ ਰਾਕੇਸ਼ ਪਾਸਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਦੂਜਾ ਵਿਆਹ ਕਰਵਾਇਆ ਸੀ। ਦੂਜੇ ਵਿਆਹ ਤੋਂ ਬਾਅਦ ਪਿਤਾ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ। ਉਨ੍ਹਾਂ ਖਿਲਾਫ ਪੁਲਸ ਨੂੰ ਸ਼ਿਕਾਇਤਾਂ ਦਿੰਦਾ ਰਹਿੰਦਾ ਹੈ। ਉਸ ਦਾ ਪਿਤਾ ਹਮੇਸ਼ਾ ਉਸ ਦੇ ਭਰਾ ਅਸ਼ੋਕ ਪਾਸਵਾਨ, ਜੋ ਕਿ ਐੱਫ.ਸੀ.ਆਈ. ਵਿੱਚ ਕੰਮ ਕਰਦਾ ਸੀ, ਨੂੰ ਧਮਕੀਆਂ ਦਿੰਦਾ ਰਹਿੰਦਾ ਸੀ ਕਿ ਉਹ ਉਸ ਨੂੰ ਨੌਕਰੀ ਤੋਂ ਕਢਵਾ ਦੇਵੇਗਾ ਅਤੇ ਘਰੋਂ ਬਾਹਰ ਕੱਢ ਦੇਵੇਗਾ।
ਇਸ ਤੋਂ ਤੰਗ ਆ ਕੇ ਅਸ਼ੋਕ ਪਾਸਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਮਿਥਿਲੇਸ਼ ਅਤੇ ਰਾਕੇਸ਼ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੁਸਾਈਡ ਨੋਟ ‘ਚ ਜਿਨ੍ਹਾਂ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਮਿਥਲੇਸ਼ ਮੁਤਾਬਕ ਉਸ ਦੇ ਭਰਾ ਅਸ਼ੋਕ ਕੁਮਾਰ ਦੇ ਪੰਜ ਬੱਚੇ ਹਨ।
ਜਦੋਂ ਅਸ਼ੋਕ ਪਾਸਵਾਨ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਅਸ਼ੋਕ ਦਾ ਪਿਤਾ ਵੀ ਉਥੇ ਪਹੁੰਚ ਗਿਆ। ਆਪਣੇ ਪਿਤਾ ਨੂੰ ਦੇਖ ਕੇ ਅਸ਼ੋਕ ਦੇ ਦੋਵੇਂ ਭਰਾ ਭੜਕ ਗਏ। ਦੋਵਾਂ ਨੇ ਆਪਣੇ ਪਿਤਾ ਨੂੰ ਉਥੋਂ ਚਲੇ ਜਾਣ ਲਈ ਕਿਹਾ। ਪੁਲਿਸ ਦੇ ਸਾਹਮਣੇ ਹੰਗਾਮਾ ਹੋ ਗਿਆ। ਸਥਿਤੀ ਨੂੰ ਮੁਸ਼ਕਲ ਨਾਲ ਸੰਭਾਲਿਆ ਗਿਆ।
ਇਹ ਵੀ ਪੜ੍ਹੋ : 2016 ‘ਚ 2500 ਰੁ. ਰਿਸ਼ਵਤ ਲੈਣ ਦੇ ਦੋਸ਼ ‘ਚ ਰਿਟਾ. ਪਟਵਾਰੀ ਗ੍ਰਿਫ਼ਤਾਰ, ਬਣਾਏ ਸਨ ਫਰਜ਼ੀ ਦਸਤਾਵੇਜ਼
ਥਾਣਾ ਸਿਟੀ 1 ਦੇ ਐਸਐਚਓ ਇੰਸਪੈਕਟਰ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਅਸ਼ੋਕ ਪਾਸਵਾਨ ਵੱਲੋਂ ਜ਼ਹਿਰ ਨਿਗਲਣ ਦੀ ਸੂਚਨਾ ਮਿਲੀ ਸੀ। ਰਸਤੇ ਵਿੱਚ ਅਸ਼ੋਕ ਦੀ ਮੌਤ ਹੋ ਗਈ ਤਾਂ ਲਾਸ਼ ਨੂੰ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ। ਏ.ਐਸ.ਆਈ ਸੂਰਜਦੀਨ ਮ੍ਰਿਤਕ ਦੇਹ ਨੂੰ ਉਥੋਂ ਖੰਨਾ ਲੈ ਕੇ ਆਏ ਹਨ। ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: