ਫਲਾਈਟ ਦੇ ਅੰਦਰ ਹੰਗਾਮਾ ਕਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਨਿਊਯਾਰਕ ਤੋਂ ਮੁੰਬਈ ਆ ਰਹੀ ਫਲਾਈਟ ਵਿੱਚ ਇੱਕ ਵਿਅਕਤੀ ਵੱਲੋਂ ਹੰਗਾਮਾ ਕਰਨ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਬੰਦੇ ਨੇ ਆਪਣੀ ਪਤਨੀ ਦਾ ਗਲਾ ਘੁੱਟ ਦਿੱਤਾ। ਸਾਰਿਆਂ ਨੇ ਮੁਸ਼ਕਲ ਨਾਲ ਉਸ ਦੀ ਪਤਨੀ ਨੂੰ ਬਚਾਇਆ ਪਰ ਆਦਮੀ ਦੀ ਇਸ ਹਰਕਤ ਨੇ ਪੂਰੀ ਫਲਾਈਟ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਫਲਾਈਟ ਦੇ ਟੇਕ ਆਫ ਹੋਣ ਤੋਂ ਕੁਝ ਦੇਰ ਬਾਅਦ ਹੀ ਬੰਦੇ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਲਾਈਟ ਨੂੰ ਲੈਂਡ ਕਰਨ ਦੀ ਡਿਮਾਂਡ ਕਰਨ ਲੱਗਾ। ਅਜਿਹਾ ਨਾ ਹੋਣ ‘ਤੇ ਉਸ ਨੇ ਆਪਣੀ ਪਤਨੀ ਦਾ ਗਲਾ ਘੁੱਟ ਦਿੱਤਾ। ਚਾਲਕ ਦਲ ਦੇ ਮੈਂਬਰਾਂ ਨੇ ਕਿਸੇ ਤਰ੍ਹਾਂ ਪਤੀ ਦੇ ਹੱਥੋਂ ਪਤਨੀ ਦਾ ਗਲਾ ਛੁਡਵਾਇਆ। ਦੂਜੇ ਪਾਸੇ ਜਦੋਂ ਉਕਤ ਬੰਦਾ ਹੰਗਾਮਾ ਕਰਦਾ ਰਿਹਾ ਤਾਂ ਡਾਕਟਰਾਂ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਬੇਹੋਸ਼ੀ ਦਾ ਟੀਕਾ ਲਗਾ ਦਿੱਤਾ ਗਿਆ।
ਰਿਪੋਰਟਾਂ ਦੀ ਮੰਨੀਏ ਤਾਂ ਬੰਦਾ ਬੁੱਢਾ ਸੀ। ਉਹ ਅਚਾਨਕ ਘਬਰਾਹਟ ਵਿੱਚ ਚੀਕਣ ਅਤੇ ਰੋਣ ਲੱਗ ਪਿਆ। ਬੰਦੇ ਨੇ ਕਿਹਾ ਕਿ ਉਹ ਹੇਠਾਂ ਉਤਰਨਾ ਚਾਹੁੰਦਾ ਸੀ। ਉਹ ਰੌਲਾ ਪਾ ਰਿਹਾ ਸੀ ਕਿ ਜਹਾਜ਼ ਦਾ ਦਰਵਾਜ਼ਾ ਖੋਲ੍ਹਿਆ ਜਾਵੇ ਤਾਂ ਜੋ ਉਹ ਬਾਹਰ ਜਾ ਸਕੇ। ਅਜਿਹਾ ਨਾ ਹੋਣ ‘ਤੇ ਉਸ ਨੇ ਕਰੂ ਮੈਂਬਰਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਪਤਨੀ ਦਾ ਗਲਾ ਇਸ ਤਰ੍ਹਾਂ ਫੜ ਲਿਆ ਜਿਵੇਂ ਉਹ ਉਸ ਦਾ ਗਲਾ ਘੁੱਟਣਾ ਚਾਹੁੰਦਾ ਹੋਵੇ। ਚਾਲਕ ਦਲ ਦੇ ਮੈਂਬਰਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਬਚਾਇਆ। ਇਸ ਦੇ ਨਾਲ ਹੀ ਯਾਤਰੀ ਦੀ ਪਤਨੀ ਇਸ ਘਟਨਾ ਤੋਂ ਇੰਨੀ ਡਰ ਗਈ ਕਿ ਉਹ ਬਿਜ਼ਨਸ ਕਲਾਸ ਤੋਂ ਕੁਝ ਸਮੇਂ ਲਈ ਇਕਾਨਮੀ ਕਲਾਸ ‘ਚ ਲੁਕ ਗਈ।
ਇਹ ਵੀ ਪੜ੍ਹੋ : ਵਕੀਲ ਵੱਲੋਂ ਮਹਿਲਾ ਐਡਵੋਕੇਟ ‘ਤੇ ਹੱਥ ਰੱਖਣ ‘ਤੇ ਆਪੇ ਤੋਂ ਬਾਹਰ ਹੋਏ CJI ਚੰਦਰਚੂਹੜ, ਕੀਤੀ ਲਾਹ-ਪਾਹ
ਹੰਗਾਮਾ ਕਰਨ ਵਾਲੇ ਬੰਦੇ ਦੀ ਪਤਨੀ ਨੇ ਦੱਸਿਆ ਕਿ ਆਦਮੀ ਨੇ ਪੈਨਿਕ ਅਟੈਕ ਦੀ ਦਵਾਈ ਲੈਣੀ ਬੰਦ ਕਰ ਦਿੱਤੀ ਸੀ ਜੋ ਉਸ ਨੂੰ ਜਹਾਜ਼ ਵਿੱਚ ਸਵਾਰ ਹੋਣ ਤੋਂ ਬਾਅਦ ਲੈਣੀ ਚਾਹੀਦੀ ਸੀ। ਸ਼ਾਇਦ ਇਹੀ ਕਾਰਨ ਹੈ ਕਿ ਉਸ ਬੰਦੇ ਨੇ ਹੰਗਾਮਾ ਕੀਤਾ। ਹਾਲਾਂਕਿ, ਡਾਕਟਰਾਂ ਵੱਲੋਂ ਟੀਕਾ ਲਾਉਣ ਤੋਂ ਬਾਅਦ ਫਲਾਈਟ ਵਿੱਚ ਸ਼ਾਂਤੀ ਹੋਈ ਅਤੇ ਵੀਰਵਾਰ ਨੂੰ ਦੁਪਹਿਰ 1 ਵਜੇ ਦੇ ਕਰੀਬ ਮੁੰਬਈ ਪਹੁੰਚੀ।
ਇਹ ਘਟਨਾ ਏਅਰ ਇੰਡੀਆ ਦੀ ਫਲਾਈਟ AI-144 ‘ਤੇ ਵਾਪਰੀ, ਜਿਸ ਨੇ ਸਥਾਨਕ ਸਮੇਂ ਮੁਤਾਬਕ ਦੁਪਹਿਰ 12.20 ਵਜੇ ਨਿਊਯਾਰਕ ਤੋਂ ਮੁੰਬਈ ਲਈ ਉਡਾਣ ਭਰੀ ਸੀ। ਹੰਗਾਮਾ ਕਰਨ ਵਾਲਾ ਵਿਅਕਤੀ ਮੁੰਬਈ ਦਾ ਰਹਿਣ ਵਾਲਾ ਹੈ ਜੋ ਕਿ ਇੱਕ ਕਾਰੋਬਾਰੀ ਹੈ। ਇਸ ਪੂਰੇ ਘਟਨਾਕ੍ਰਮ ‘ਤੇ ਏਅਰ ਇੰਡੀਆ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -: