ਪੰਜਾਬ ‘ਚ ਸੁਰੱਖਿਆ ‘ਚ ਕਟੌਤੀ ਤੋਂ ਅਗਲੇ ਹੀ ਦਿਨ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਿਵਾਦਾਂ ਵਿੱਚ ਘਿਰ ਗਈ ਹੈ। ਹੁਣ ਸਰਕਾਰ ਡੈਮੇਜ ਕੰਟਰੋਲ ‘ਚ ਜੁੱਟ ਗਈ ਹੈ।
ਸੂਤਰਾਂ ਮੁਤਾਬਕ ਸਰਕਾਰ ਨੇ ਇੰਟੈਲੀਜੈਂਸ ਅਤੇ ਸੁਰੱਖਿਆ ਵਿੰਗ ਵੱਲੋਂ ਸੁਰੱਖਿਆ ਦਾ ਮੁੜ ਜਾਇਜ਼ਾ ਲਿਆ ਹੈ। ਇਸ ਆਧਾਰ ‘ਤੇ ਕਈ ਲੋਕਾਂ ਦੀ ਸੁਰੱਖਿਆ ਮੁੜ ਤੋਂ ਬਹਾਲ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਸਰਕਾਰ ਸੂਬੇ ਦੀਆਂ ਉਨ੍ਹਾਂ ਸਾਰੀਆਂ ਮਸ਼ਹੂਰ ਹਸਤੀਆਂ ਨੂੰ ਸੁਰੱਖਿਆ ਦੇਣ ਜਾ ਰਹੀ ਹੈ, ਜਿਨ੍ਹਾਂ ਨੇ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਇਸ ਲਈ ਅਪਲਾਈ ਕੀਤਾ ਹੈ। ਪੁਲਿਸ ਵਿਭਾਗ ਨੇ ਸੁਰੱਖਿਆ ਕਾਰਨਾਂ ਕਰਕੇ ਇਸ ਵਾਰ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਨਾਲ ਸਬੰਧਤ ਕਲਾਕਾਰਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ।
ਇਹ 27 ਮਸ਼ਹੂਰ ਹਸਤੀਆਂ ਮੋਹਾਲੀ, ਲੁਧਿਆਣਾ, ਜਲੰਧਰ, ਫਿਰੋਜ਼ਪੁਰ, ਬਠਿੰਡਾ, ਫਰੀਦਕੋਟ, ਮੁਕਤਸਰ, ਪਟਿਆਲਾ, ਅੰਮ੍ਰਿਤਸਰ ਜ਼ਿਲਿਆਂ ਨਾਲ ਸਬੰਧਤ ਹਨ। ਸਰਕਾਰ ਨੇ ਆਪਣੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸਰਕਾਰ ਹੁਣ ਲਗਾਤਾਰ ਸੁਰੱਖਿਆ ਦੀ ਸਮੀਖਿਆ ਕਰੇਗੀ।
ਮਿਲੀ ਜਾਣਕਾਰੀ ਮੁਤਾਬਕ ਹਰ ਸੈਲੀਬ੍ਰਿਟੀ ਨੂੰ 4 ਤੋਂ 6 ਨਮਨ ਦਿੱਤੇ ਜਾਣਗੇ। ਇਹ ਗਾਰਡ 24 ਘੰਟੇ ਤਾਇਨਾਤ ਰਹਿਣਗੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਸੁਰੱਖਿਆ ਵਾਪਸ ਲੈਣ ਦੇ ਮਾਮਲੇ ‘ਤੇ ਹਾਈਕੋਰਟ ‘ਚ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਸਰਕਾਰ ਨੇ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ, ਜਿਸ ਵਿੱਚ ਐਡਵੋਕੇਟ ਜਨਰਲ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਸਾਰੇ ਕਾਨੂੰਨੀ ਪਹਿਲੂਆਂ ਨੂੰ ਘੋਖਣ ਤੋਂ ਬਾਅਦ ਹਾਈ ਕੋਰਟ ਵਿੱਚ ਸਰਕਾਰ ਦਾ ਪੱਖ ਪੇਸ਼ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ ਅੰਤਿਮ ਵਿਦਾਈ ਦੇਣ ਲਈ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਵਿਧਾਇਕ ਨਹੀਂ ਪਹੁੰਚਿਆ। ਸੂਤਰਾਂ ਮੁਤਾਬਕ ਸੀ.ਐਮ. ਭਗਵੰਤ ਮਾਨ ਇੱਕ ਕਲਾਕਾਰ ਹੋਣ ਦੇ ਨਾਤੇ ਪਿੰਡ ਮੂਸੇ ਜਾਣਾ ਚਾਹੁੰਦੇ ਸਨ ਪਰ ਇੰਟੈਲੀਜੈਂਸ ਦੇ ਉੱਚ ਅਧਿਕਾਰੀਆਂ ਨੇ ਭਾਰੀ ਭੀੜ ਹੋਣ ਕਰਕੇ ਸੁਰੱਖਿਆ ਦੇ ਮੱਦੇਨਜ਼ਰ ਉੱਥੇ ਨਾ ਜਾਣ ਦੀ ਸਲਾਹ ਦਿੱਤੀ ਸੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਦੇ ਹਿਮਾਚਲ ਦੌਰੇ ਕਰਕੇ ਚੰਡੀਗੜ੍ਹ ਏਅਰਪੋਰਟ ‘ਤੇ ਰਿਸੀਵ ਕਰਨ ਤੇ ਵਾਪਸੀ ‘ਤੇ ਸੀ.ਐੱਮ. ਮਾਨ ਨੇ ਉਨ੍ਹਾਂ ਨੂੰ ਮਿਲਣਾ ਸੀ। ਦੂਜੇ ਪਾਸੇ ਮੂਸੇਵਾਲਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਲੋਕ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ, ਇਸੇ ਕਰਕੇ ਸਰਕਾਰ ਦੇ ਹੋਰ ਨੁਮਾਇੰਦੇ ਵੀ ਉਥੇ ਨਹੀਂ ਗਏ।