ਚੰਡੀਗੜ੍ਹ : ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਮਾਰਟ ਕਾਰਡ ਜਾਰੀ ਕਰਨ ਵਾਲੀ “ਸਮਾਰਟ ਚਿੱਪ ਲਿਮਟਿਡ” ਕੰਪਨੀ ਨੂੰ ਆਰ.ਸੀ. ਅਤੇ ਲਾਇਸੈਂਸ ਦੇ ਕੰਮ ਵਿੱਚ ਦੇਰੀ ਹੋਣ ਕਰਕੇ ਕੰਟਰੈਕਟ ਖ਼ਤਮ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ।
ਨਵੇਂ ਵਾਹਨਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) ਅਤੇ ਡਰਾਈਵਿੰਗ ਲਾਇਸੈਂਸ (ਡੀ.ਐਲ.) ਜਾਰੀ ਕਰਨ ਦੇ ਕੰਮ ਨੂੰ ਮੁਅੱਤਲ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸ਼ੁੱਕਰਵਾਰ ਨੂੰ “ਸਮਾਰਟ ਚਿੱਪ ਲਿਮਟਿਡ” ਕੰਪਨੀ ਦੇ ਇੱਕ ਤੈਅ ਸਮਾਂ-ਸੀਮਾ ਵਿੱਚ ਆਰਸੀ ਅਤੇ DL ਜਾਰੀ ਕਰਨ ਦੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਲਈ ਠੇਕਾ ਸਮਾਪਤੀ ਨੋਟਿਸ ਜਾਰੀ ਕਰ ਦਿੱਤਾ।
ਕੰਮ ਰੁਕਣ ਕਾਰਨ ਕੰਪਨੀ ਨੂੰ ਪਹਿਲਾਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ, ਜਿਸ ਦਾ ਕੰਪਨੀ ਵੱਲੋਂ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਗਿਆ। ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਐਲ-2 ਤੇ ਐਲ-3 ਕੰਪਨੀਆਂ ਅਤੇ ਸਰਕਾਰੀ ਇਕਾਈਆਂ (ਪੀ.ਐਸ.ਯੂਜ਼.) ਨੂੰ ਇਹ ਕੰਮ ਅਲਾਟ ਕਰਨ ਲਈ ਪੇਸ਼ਕਸ਼ ਪੱਤਰ ਜਾਰੀ ਕਰ ਦਿੱਤਾ ਗਿਆ। ਦੂਜੇ ਪਾਸੇ ਡਿਜੀਲਾਕਰ ਜਾਂ ਐਮ.ਪਰਿਵਾਹਨ ਐਪ ਤੋਂ ਡਾਊਨਲੋਡ ਕੀਤੀਆਂ ਗਈਆਂ ਆਰ.ਸੀਜ਼. ਅਤੇ ਡਰਾਈਵਿੰਗ ਲਾਇਸੈਂਸ ਨੂੰ ਵੈਧ ਮੰਨਿਆ ਜਾਵੇਗਾ ਅਤੇ ਇਹ ਆਨਲਾਈਨ ਦਸਤਾਵੇਜ਼ ਵਿਖਾਉਣ ਵਾਲੇ ਰਾਹਗੀਰਾਂ ਦੇ ਚਲਾਨ ਨਹੀਂ ਕੀਤੇ ਜਾਣਗੇ।
ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਕੰਪਨੀ ਦੇ ਪ੍ਰਬੰਧਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਹਦਾਇਤ ਕੀਤੀ ਜਾ ਰਹੀ ਸੀ ਕਿ ਕੰਮ ਜਾਰੀ ਕਰਨ ਵਿੱਚ ਦੇਰੀ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਠੇਕੇ ਦੀਆਂ ਸ਼ਰਤਾਂ ਮੁਤਾਬਕ ਕੰਮ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ। ਟਰਾਂਸਪੋਰਟ ਵਿਭਾਗ ਵੱਲੋਂ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਸਨ ਪਰ ਕੰਪਨੀ ਵੱਲੋਂ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਤੋਂ ਟਾਲਾ ਵੱਟਦਾ ਰਿਹਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਕੰਮ ਅਲਾਟ ਕਰਨ ਲਈ ਐਲ-2 ਅਤੇ ਐਲ-3 ਕੰਪਨੀਆਂ ਅਤੇ ਪਬਲਿਕ ਸੈਕਟਰ ਯੂਨਿਟਾਂ (ਪੀਐਸਯੂ) ਨੂੰ ਪੇਸ਼ਕਸ਼ ਪੱਤਰ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੰਸ ਜਲਦੀ ਤੋਂ ਜਲਦੀ ਜਾਰੀ ਕੀਤੇ ਜਾ ਸਕਣ।
ਇਹ ਵੀ ਪੜ੍ਹੋ : 1992 ਦੇ ਮਾਮਲੇ ‘ਚ ਸਾਬਕਾ SHO ਦੋਸ਼ੀ ਕਰਾਰ, ਲਾਪਤਾ ਹੋਏ ਸਨ ਫੌਜੀ, ਪੁੱਤ ਤੇ ਰਿਸ਼ਤੇਦਾਰ
ਲਾਲਜੀਤ ਸਿੰਘ ਭੁੱਲਰ ਨੇ ਸਖ਼ਤੀ ਨਾਲ ਕਿਹਾ ਕਿ ਸਮਝੌਤੇ ਦੀ ਪਾਲਣਾ ਨਾ ਕਰਨ ਵਾਲੀ ਕੰਪਨੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਵਾਲੀ ਕੰਪਨੀ ਨੂੰ ਬਲੈਕਲਿਸਟ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਏ.ਐਸ. ਰਾਏ, ਏ.ਡੀ.ਜੀ.ਪੀ. ਟ੍ਰੈਫਿਕ, ਪੰਜਾਬ ਪੁਲਿਸ ਨੇ ਕਿਹਾ ਕਿ ਡਿਜੀਲਾਕਰ ਜਾਂ ਐਮ. ਪਰਿਵਾਹਨ ਐਪ ਤੋਂ ਡਾਊਨਲੋਡ ਕੀਤੇ ਆਰਸੀ ਅਤੇ ਡੀਐਲ ਨੂੰ ਵੈਧ ਮੰਨਿਆ ਜਾਣਾ ਚਾਹੀਦਾ ਹੈ ਅਤੇ ਇਹ ਆਨਲਾਈਨ ਦਸਤਾਵੇਜ਼ ਦਿਖਾਉਣ ਵਾਲੇ ਯਾਤਰੀਆਂ ਦਾ ਚਲਾਨ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: