ਚੰਡੀਗੜ੍ਹ : ਪੰਜਾਬ ਦੇ ਪਟਿਆਲਾ ਜ਼ਿਲ੍ਹੇ ਤੋਂ ਕਈ ਕਾਂਗਰਸੀ, ਆਮ ਆਦਮੀ ਪਾਰਟੀ ਤੇ ਭਾਜਪਾ ਦੇ ਆਗੂਆਂ ਨੇ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ, ਜਿਨ੍ਹਾਂ ਦਾ SAD ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਵਿੱਚ ਸਵਾਗਤ ਕੀਤਾ।
ਸੁਖਬੀਰ ਬਾਦਲ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਇਨ੍ਹਾਂ ਆਗੂਆਂ ਦੇ ਸ਼ਾਮਲ ਹੋਣ ਨਾਲ ਅਕਾਲੀ ਦਲ ਨੂੰ ਹੋਰ ਵੀ ਬਲ ਮਿਲਿਆ ਹੈ। ਇਨ੍ਹਾਂ ਵਿੱਚ ਨਹਿਰੂ ਦੇ ਵੇਲੇ ਦੇ ਕਾਂਗਰਸੀ ਆਗੂ ਹੇਮਰਾਜ ਤੇ ਉਨ੍ਹਾਂ ਨਾਲ ਕੁਲਵਿੰਦਰ ਸਿੰਘ, ਰਾਜੇਸ਼ ਸ਼ਰਮਾ, ਵਰਿੰਦਰ ਕੁਮਾਰ, ਧਰਮਪਾਲ ਤੇ ਹੋਰ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਵਿੱਚੋਂ ਕਈ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਨਜ਼ਦੀਕੀ ਰਹਿ ਚੁੱਕੇ ਹਨ।
ਉਥੇ ਹੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਖਜਿੰਦਰ ਸਿੰਘ ਟਾਂਡਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਸੁਖਜਿੰਦਰ ਸੰਨੌਰ ਤੋਂ ਚੋਣਾਂ ਵੀ ਲੜ ਚੁੱਕੇ ਹਨ। ਇਸ ਦੇ ਨਾਲ ਹੀ ਚੋਣਾਂ ਲੜ ਚੁੱਕੇ ਬਖਸ਼ੀਸ਼ ਸਿੰਘ, ਹਰੀ ਸਿੰਘ ਤੇ ਗੁਰਦੇਵ ਸਿੰਘ ਨਾਮਧਾਰੀ ਨੇ ਵੀ ਅਕਾਲੀ ਦਲ ਦਾ ਪੱਲਾ ਫੜਿਆ ਹੈ।
ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਤੋਂ ਭਾਜਪਾ ਦੇ ਐਮਸੀ ਰਹੇ ਖੁਖਰੇਜਾ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਸੁਖਬੀਰ ਬਾਦਲ ਨੇ ਸਾਰਿਆਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਾਰਟੀ ਇਕੱਲੀ ਅਜਿਹੀ ਪਾਰਟੀ ਹੈ ਜੋ ਪੰਜਾਬ ਵਿੱਚ ਫੈਸਲੇ ਲੈਂਦੀ ਹੈ ਹੋਰ ਪਾਰਟੀਆਂ ਦਿੱਲੀ ਤੋਂ ਫੈਸਲੇ ਲੈਂਦੀਆਂ ਹਨ।
ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਲਗਾਤਾਰ ਡੇਢ ਸਾਲ ਤੋਂ ਚੱਲ ਰਿਹਾ ਹੈ, ਜਿਸ ਵਿੱਚ ਤੂਫਾਨ ਆਏ ਜਾਂ ਸਰਦੀ, ਗਰਮੀ ਤਾਂ ਵੀ ਉਸ ਵਿੱਚ ਬਹਾਦੁਰ ਕਿਸਾਨ ਦਿੱਲੀ ਬਾਰਡਰ ‘ਤੇ ਡਟੇ ਰਹੇ ਹਨ। ਅਕਾਲੀ ਦਲ ਕਿਸਾਨਾਂ ਦੀ ਤੇ ਕਿਸਾਨੀ ਸੋਚ ਦੀ ਪਾਰਟੀ ਹੈ ਤੇ ਲਗਾਤਾਰ ਕਿਸਾਨਾਂ ਲਈ ਲੜਦੀ ਆਈ ਹੈ।
ਇਹ ਵੀ ਪੜ੍ਹੋ : ਡਿਸਕਸ ਥ੍ਰੋ ‘ਚ ਇਤਿਹਾਸ ਰਚਣ ਵਾਲੀ ਕਮਲਪ੍ਰੀਤ ਦੇ ਘਰ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਦੇ OSD, ਸਾਬਕਾ CM ਵੱਲੋਂ ਦਿੱਤੀ ਵਧਾਈ
ਸੁਖਬੀਰ ਬਾਦਲ ਨੇ ਕਿਹਾ ਕਿ ਇਹ ਅਫਸੋਸ ਵਾਲੀ ਗੱਲ ਹੈ ਕਿ ਅਕਾਲੀ ਦਲ ਤੇ ਬਸਪਾ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਲੋਕ ਸਭਾ ਦੇ ਅੰਦਰ ਤੇ ਬਾਹਰ ਇਸ ਜੰਗ ਵਿੱਚ ਹਿੱਸਾ ਪਾ ਰਹੇ ਹਨ ਪਰ ਕੇਂਦਰ ਨੇ ਜਿਸ ਤਰ੍ਹਾਂ ਦਾ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ ਉਹ ਦੁਨੀਆ ਭਰ ਵਿੱਚ ਕਿਤੇ ਨਹੀਂ ਹੈ। ਇਹ ਤਨਾਸ਼ਾਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਰੋਧੀ ਪਾਰਟੀਆਂ ਨੂੰ ਇੱਕਜੁਟ ਕਰਕੇ ਕਮੇਟੀ ਬਣਾਉਣ ਦੀ ਮੰਗ ਕਰਦੇ ਹਾਂ ਅਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਾਜ਼ਾ ਦੇਣ ਦੀ ਮੰਗ ਕਰ ਰਹੇ ਹਾਂ, ਜਿਸ ਨੂੰ ਲੈ ਕੇ ਰਾਸ਼ਟਰਪਤੀ ਨਾਲ ਵੀ ਅੱਜ ਸਾਡੀ ਟੀਮ ਨੇ ਮੁਲਾਕਾਤ ਕੀਤੀ ਹੈ।