ਇੰਡੋਨੇਸ਼ੀਆ ਵਿੱਚ ਇੱਕ ਵਿਆਹੀ ਹੋਈ ਔਰਤ ਨੂੰ ਇੱਕ ਗੈਰ ਮਰਦ ਨਾਲ ਸਰੀਰਕ ਸਬੰਧ ਬਣਾਉਣ ‘ਤੇ ਔਰਤ ਨੂੰ ਸ਼ਰੇਆਮ 100 ਕੋੜੇ ਮਾਰੇ ਗਏ, ਜਦਕਿ ਮਰਦ ਨੂੰ ਸਿਰਫ 15 ਕੋੜੇ ਮਾਰੇ ਗਏ। ਹਾਲਾਂਕਿ ਔਰਤ ਨੂੰ ਲਗਾਤਾਰ 100 ਕੋੜੇ ਮਾਰੇ ਜਾਣੇ ਸੀ ਪਰ ਉਹ ਦਰਦ ਸਹਿਣ ਨਹੀਂ ਕਰ ਪਾਈ ਤਾਂ ਕੁਝ ਦੇਰ ਲਈ ਇਹ ਹੈਵਾਨੀਅਤ ਰੋਕ ਦਿੱਤੀ ਗਈ। ਘਟਨਾ ਦੇ ਵੀਡੀਓ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਘਟਨਾ ਇੰਡੋਨੇਸ਼ੀਆ ਦੇ ਏਚ ਰਾਜ ਦੀ ਹੈ। ਇੱਥੇ ਕੱਟੜਪੰਥੀਆਂ ਦਾ ਦਬਦਬਾ ਹੈ ਅਤੇ ਉਨ੍ਹਾਂ ਦੀ ਆਪਣੀ ਸਰਕਾਰ ਹੈ। ਇੱਥੇ ਪੁਲਿਸ ਵਿਭਾਗ ਦੇ ਜਾਂਚ ਅਧਿਕਾਰੀ ਇਵਾਨ ਨਜ਼ਰ ਅਲਾਵੀ ਨੇ ਕਿਹਾ – ਸਾਡੀ ਅਦਾਲਤ ਨੇ ਇੱਕ ਵਿਆਹੁਤਾ ਔਰਤ ਅਤੇ ਇੱਕ ਗੈਰ ਮਰਦ ਨੂੰ ਨਾਜਾਇਜ਼ ਸਬੰਧਾਂ ਦੇ ਦੋਸ਼ ਵਿੱਚ ਸਜ਼ਾ ਸੁਣਾਈ ਹੈ। ਆਦਮੀ ਪਹਿਲਾਂ ਹੀ ਵਿਆਹਿਆ ਹੋਇਆ ਸੀ। ਉਨ੍ਹਾਂ ਦੇ ਰਿਸ਼ਤੇ ਦੀ ਜਾਂਚ ਕੀਤੀ ਤਾਂ ਔਰਤ ਨੇ ਜੁਰਮ ਕਬੂਲ ਕਰ ਲਿਆ। ਹਾਲਾਂਕਿ ਵਿਅਕਤੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਅਦਾਲਤ ਨੇ ਔਰਤ ਨੂੰ ਸ਼ਰੇਆਮ 100 ਕੋੜੇ ਮਾਰਨ ਦੀ ਸਜ਼ਾ ਸੁਣਾਈ। ਉਸੇ ਅਪਰਾਧ ਲਈ ਆਦਮੀ ਨੂੰ 15 ਕੋੜੇ ਮਾਰਨ ਦਾ ਹੁਕਮ ਦਿੱਤਾ ਗਿਆ ਸੀ। ਇਹ ਆਦਮੀ ਇਲਾਕੇ ਵਿੱਚ ਬਹੁਤ ਰਸੂਖ਼ਦਾਰ ਹੈ।
ਇੰਡੋਨੇਸ਼ੀਆ ਇੱਕ ਮੁਸਲਿਮ ਦੇਸ਼ ਹੈ। ਏਚ ਸੂਬੇ ਵਿੱਚ ਖਾਸ ਤੌਰ ‘ਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਆਦਮੀ ਨੂੰ ਆਪਣੀ ਪਤਨੀ ਤੋਂ ਇਲਾਵਾ ਕਿਸੇ ਹੋਰ ਔਰਤ ਵੱਲ ਝੁਕਾਅ ਰੱਖਣ ਦਾ ਦੋਸ਼ੀ ਪਾਇਆ ਗਿਆ ਸੀ। 2018 ਵਿੱਚ ਕੁਝ ਸਥਾਨਕ ਲੋਕਾਂ ਵੱਲੋਂ ਮਰਦ ਤੇ ਔਰਤ ਨੂੰ ਇਤਰਾਜ਼ਯੋਗ ਹਾਲਤ ਵਿੱਚ ਫੜਿਆ ਗਿਆ ਸੀ। ਉਦੋਂ ਤੋਂ ਹੀ ਕੇਸ ਚੱਲ ਰਿਹਾ ਸੀ। ਪਹਿਲੇ ਆਦਮੀ ਨੂੰ 30 ਕੋੜਿਆਂ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਸੁਪਰੀਮ ਕੋਰਟ ਨੇ ਇਸਨੂੰ 15 ਕੋੜੇ ਵਿੱਚ ਬਦਲ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਵੀਰਵਾਰ ਨੂੰ ਜਦੋਂ ਮਰਦ ਤੇ ਔਰਤ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਤਾਂ ਉੱਥੇ ਸੈਂਕੜੇ ਲੋਕ ਮੌਜੂਦ ਸਨ। ਉਨ੍ਹਾਂ ਨੇ ਇਸ ਘਟਨਾ ਦੀਆਂ ਤਸਵੀਰਾਂ ਖਿੱਚੀਆਂ ਅਤੇ ਵੀਡੀਓ ਵੀ ਬਣਾਈਆਂ। ਬਾਅਦ ਵਿੱਚ ਇਨ੍ਹਾਂ ਨੂੰ ਵਾਇਰਲ ਕਰ ਦਿੱਤਾ ਗਿਆ।