ਚੰਡੀਗੜ੍ਹ ਵਿੱਚ ਇੱਕ ਕਲਜੁਗੀ ਮਾਮੇ ਨੇ ਆਪਣੇ ਭਾਣਜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਸੈਕਟਰ-41 ਦੀ ਹੈ, ਜਿਥੇ ਸਰਕਾਰੀ ਘਰ ਵਿੱਚ ਕੁੜੀ ਦਾ ਕਤਲ ਕਰ ਦਿੱਤਾ ਗਿਆ। ਘਟਨਾ ਸਵੇਰੇ 6 ਵਜੇ ਦੀ ਹੈ। ਮ੍ਰਿਤਕ ਕੁੜੀ ਦੀ ਪਛਾਣ 22 ਸਾਲਾ ਅੰਜਲੀ ਵਜੋਂ ਹੋਈ ਹੈ, ਜੋਕਿ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਸੈਕਟਰ-39 ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀ ਮਾਮੇ ਨੇ ਅੰਜਲੀ ਦੇ ਗਲੇ ਅਤੇ ਛਾਤੀ ‘ਤੇ ਚਾਕੂ ਨਾਲ 2 ਤੋਂ 3 ਵਾਰ ਕੀਤੇ, ਜਿਸ ਕਰਕੇ ਉਸ ਦੀ ਮੌਤ ਹੋ ਗਈ।
ਦੋਸ਼ੀ ਨੇ ਅੰਜਲੀ ‘ਤੇ ਉਸ ਵੇਲੇ ਹਮਲਾ ਕੀਤਾ ਜਦੋਂ ਉਸ ਦੀ ਮਾਂ ਅਤੇ ਭਰਾ ਵੀ ਘਰ ‘ਚ ਸਨ ਪਰ ਉਹ ਦੂਜੇ ਕਮਰੇ ‘ਚ ਸਨ। ਅੰਜਲੀ ‘ਤੇ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਹੈ, ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਟ੍ਰਾਈਸਿਟੀ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਦੀਆਂ ਟੀਮਾਂ ਵੱਖ-ਵੱਖ ਇਲਾਕਿਆਂ ‘ਚ ਛਾਪੇਮਾਰੀ ਕਰ ਰਹੀਆਂ ਹਨ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਮਾਮਾ 3-4 ਦਿਨਾਂ ਤੋਂ ਸੈਕਟਰ-41 ਸਥਿਤ ਆਪਣੀ ਭੈਣ ਦੀ ਸਰਕਾਰੀ ਰਿਹਾਇਸ਼ ’ਤੇ ਰਹਿ ਰਿਹਾ ਸੀ। ਅੰਜਲੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਵਿੱਚ ਉਸਦੀ ਮਾਂ ਅਤੇ ਭਰਾ ਹਨ। ਪਰਿਵਾਰ ਸਰਕਾਰੀ ਮਕਾਨ ਵਿੱਚ ਰਹਿੰਦਾ ਹੈ। ਅੰਜਲੀ ਦੇ ਪਿਤਾ, ਜੋ ਕਿ ਏ.ਜੀ. ਪੰਜਾਬ ਦਫ਼ਤਰ ਵਿੱਚ ਸਰਕਾਰੀ ਮੁਲਾਜ਼ਮ ਸਨ, ਦੀ ਪਿਛਲੇ ਸਾਲ ਦਸੰਬਰ ਵਿੱਚ ਮੌਤ ਹੋ ਗਈ ਸੀ। ਮੁਲਜ਼ਮ ਪਹਿਲਾਂ ਹੀ ਕਤਲ ਕੇਸ ਦਾ ਸਾਹਮਣਾ ਕਰ ਰਿਹਾ ਹੈ। ਦੋਸ਼ੀ ‘ਤੇ ਪਤਨੀ ਦੇ ਕਤਲ ਦਾ ਵੀ ਦੋਸ਼ ਹੈ। ਦੋਸ਼ੀ ਨੇ 2007 ‘ਚ ਆਪਣੀ ਪਤਨੀ ਦਾ ਵੀ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ‘ਚ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਫੋਟੋਆਂ ਖਿਚਵਾਉਣ ਵਾਲਾ ਕਾਂਗਰਸੀ ਗ੍ਰਿਫ਼ਤਾਰ
ਇਸ ਦੇ ਨਾਲ ਹੀ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਪੁਲਿਸ ਨੇ ਘਰ ਵਿੱਚੋਂ ਇੱਕ ਚਾਕੂ ਵੀ ਬਰਾਮਦ ਕੀਤਾ ਹੈ। ਫਿਲਹਾਲ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਨੇ ਅੰਜਲੀ ‘ਤੇ ਹਮਲਾ ਕਿਉਂ ਕੀਤਾ ਅਤੇ ਕੀ ਕਾਰਨ ਸੀ ਕਿ ਉਸ ਨੇ ਅੰਜਲੀ ਦਾ ਕਤਲ ਕੀਤਾ। ਪੁਲਿਸ ਇਨ੍ਹਾਂ ਸਾਰੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।