ਪੁਤਿਨ ਵੱਲੋਂ ਯੂਕਰੇਨ ‘ਤੇ ਹਮਲੇ ਦੀ ਕੀਮਤ ਪੂਰੇ ਰੂਸ ਨੂੰ ਚੁਕਾਉਣੀ ਪੈ ਰਹੀ ਹੈ। ਇਥੇ ਦੇ ਲੋਕਾਂ ਨੇ ਖੰਡ, ਆਟਾ ਵਰਗੀਆਂ ਚੀਜ਼ਾਂ ਤੋਂ ਇਲਾਵਾ ਦਵਾਈਆਂ ਵੀ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਖਬਰ ਹੈ ਕਿ ਦੇਸ਼ ਵਿੱਚ ਦਵਾਈਆਂ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਤੇ ਬੀਤੇ ਮਹੀਨਿਆਂ ਵਿੱਚ ਕੀਮਤਾਂ 20 ਫੀਸਦੀ ਵਧ ਗਈਆਂ ਹਨ। ਕਈ ਦਵਾਈ ਕੰਪਨੀਆਂ ਨੇ ਰੂਸ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ ਹੈ ਤੇ ਨਾਲ ਹੀ ਪਾਬੰਦੀਆਂ ਨੂੰ ਵੀ ਇਸ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।
ਇਕ ਰਿਪੋਰਟ ਮੁਤਾਬਕ ਕੌਮਾਂਤਰੀ ਫਾਰਮਾ ਕੰਪਨੀਆਂ ਨੇ ਰੂਸ ਵਿੱਚ ਪੂਰੀ ਤਰ੍ਹਾਂ ਕਾਰੋਬਾਰ ਖਤਮ ਕਰਨ ਦਾ ਐਲਾਨ ਨਹੀਂ ਕੀਤਾ ਹੈ, ਜਦਕਿ ਲਿਲੀ ਵਰਗੀਆਂ ਅਮਰੀਕੀ ਦਵਾਈ ਨਿਰਮਾਤਾ ਨੇ ਕੈਂਸਰ ਤੇ ਡਾਇਬਟੀਜ਼ ਵਰਗੀਆਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਵਿੱਚ ਲੋੜ ਪੈਣ ਵਾਲੀਆਂ ਦਵਾਈਆਂ ਦੀ ਸਪਲਾਈ ਨੂੰ ਸੀਮਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀਆਂ ਨੇ ਉਨ੍ਹਾਂ ਦਵਾਈਆਂ ਦੀ ਵਿਕਰੀ ਨੂੰ ਵੀ ਮੁਅੱਤਲ ਕਰ ਦਿੱਤਾ ਹੈ, ਜਿਨ੍ਹਾਂ ਨੂੰ ਉਹ ‘ਗੈਰ-ਜ਼ਰੂਰੀ’ ਮੰਨ ਰਹੇ ਹਨ।
ਇਸੇ ਤਰ੍ਹਾਂ ਦੇ ਕਦਮ ਸਵਿੱਸ ਕੰਪਨੀ ਨੋਵਾਰਟਿਸ ਤੇ ਫਰਾਂਸ ਦੀ ਸੇਨੌਫੀ ਵਰਗੀਆਂ ਨਿਰਮਾਤਾਵਾਂ ਨੇ ਵੀ ਚੁੱਕੇ ਹਨ। 23 ਮਾਰਚ ਨੂੰ ਪ੍ਰਕਾਸ਼ਿਤ ਬਿਆਨ ਵਿੱਚ ਕੰਪਨੀ ਨੇ ਕਿਹਾ ਸੀ ਕਿ ਉਹ ਜ਼ਿੰਦਗੀ ਲਈ ਜ਼ਰੂਰੀ ਦਵਾਈਆਂ ਤੇ ਵੈਕਸੀਨ ਦੀ ਸਪਲਾਈ ਨਹੀਂ ਬੰਦ ਕਰਨਗੇ।
ਰਿਪੋਰਟਾਂ ਮੁਤਾਬਕ ਦਵਾਈਆਂ ਦੇ ਮੌਜੂਦਾ ਸੰਕਟ ਦਾ ਵੱਡਾ ਕਾਰਨ ਪਾਬੰਦੀਆਂ ਹਨ, ਜਿਨ੍ਹਾਂ ਕਰਕੇ ਰੂਸੀ ਬੈਂਕ ਕੌਮਾਂਤਰੀ ਮਾਲੀ ਵਿਵਸਥਾ ਤੋਂ ਵੱਖ ਕਰ ਦਿੱਤਾ ਗਿਆ ਹੈ। ਅਜਿਹੇ ਵਿੱਚ ਫਾਰਮਾ ਕੰਪਨੀਆਂ ਡਿਲਵਰੀ ਲਈ ਭੁਗਤਾਨ ਨਹੀਂ ਕਰ ਪਾ ਰਹੀਆਂ ਹਨ। ਇਸ ਤੋਂ ਇਲਾਵਾ ਲਾਜਿਸਟਿਕਸ ਵੀ ਵੱਡੀ ਪ੍ਰੇਸ਼ਾਨੀ ਹੈ। ਕਈ ਕੰਪਨੀਆਂ ਨੇ ਰੂਸ ਵਿੱਚ ਕਾਰਗੋ ਦੀ ਸਹੂਲਤ ਮੁਅੱਤਲ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਹਾਲਾਂਕਿ ਸਿਹਤ ਮੰਤਰਾਲਾ ਨੇ ਪ੍ਰਮੁੱਖ ਮਿਖਾਇਲ ਮੁਰਾਸ਼ਕੋ ਨੇ ਕਿਹਾ ਕਿ ਦਵਾਈਆਂ ਦੇ ਉਤਪਾਦਨ ਤੇ ਸਪਲਾਈ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੈ। ਰਿਪੋਰਟ ਵਿੱਚ ਅਧਿਕਾਰੀਆਂ ਦੇ ਹਵਾਲੇ ਨਾਲ ਲਿਖਿਆ ਕਿ ਨਿਰਮਾਤਾਵਾਂ ਤੇ ਡਿਸਟ੍ਰੀਬਿਊਟਰਾਂ ਦੀਆਂ ਦਵਾਈਆਂ ਤੇ ਮੈਡੀਕਲ ਡਿਵਾਈਸ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਸੁਲਝਾਉਣ ਲਈ ਮੰਤਰਾਲੇ ਵੱਲੋਂ ਨਿਗਰਾਨੀ ਦੀ ਵਿਵਸਥਾ ਬਣਾਈ ਗਈ ਹੈ।