ਨੈਸ਼ਨਲ ਅਚੀਵਮੈਂਟ ਸਰਵੇਅ (NAS) ਦੇ ਨਤੀਜਿਆਂ ਵਿੱਚ ਪੰਜਾਬ ਦੇ ਬੱਚਿਆਂ ਦੇ ਅੱਗੇ ਰਹਿਣ ਤੋਂ ਬਾਅਦ ਦਿੱਲੀ ਦੇ ਸਿੱਖਿਆ ਮਾਡਲ ਦੀ ਪੈਰਵੀ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਇਸ ਮਗਰੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਸਰਵੇ ਦੇ ਅੰਕੜਿਆਂ ਨੂੰ ਫਰਜ਼ੀ ਕਰਾਰ ਦਿੱਤਾ।
ਮੰਤਰੀ ਮੀਤ ਹੇਅਰ ਨੇ ਕਿਹਾ ਹੈ ਕਿ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਕੌਮੀ ਸਰਵੇਖਣ ਵਿੱਚ ਪੰਜਾਬ ਦੇ ਪਹਿਲੇ ਸਥਾਨ ’ਤੇ ਆਉਣ ਲਈ ਉਹ ਅਧਿਆਪਕ ਅਤੇ ਵਿਦਿਆਰਥੀ ਵਧਾਈ ਦੇ ਹੱਕਦਾਰ ਹਨ ਪਰ ਸਿੱਖਿਆ ਮੰਤਰੀ ਵਜੋਂ ਉਨ੍ਹਾਂ ਨੂੰ ਸਰਵੇਖਣ ਦੇ ਕੁਝ ਅੰਕੜਿਆਂ ’ਤੇ ਇਤਰਾਜ਼ ਹੈ।
ਨਵੀਂ ਸਰਕਾਰ ਵਿੱਚ ਸਿੱਖਿਆ ਵਿਭਾਗ ਸੰਭਾਲਣ ਦੇ ਤਜਰਬੇ ਬਾਰੇ ਦੱਸਦਿਆਂ ਮੀਤ ਹੇਅਰ ਨੇ ਕਿਹਾ ਕਿ ਅਜੇ ਤੱਕ ਪੰਜਾਬ ਵਿੱਚ ਚੰਗੀ ਸਿੱਖਿਆ ਦੀ ਬਜਾਏ, ਗਿਣਤੀ ਵਧਾਉਣ ਦੀ ਖੇਡ ਵਿੱਚ ਜ਼ਿਆਦਾ ਕੰਮ ਕੀਤਾ ਗਿਆ ਹੈ। ਵਿਭਾਗ ਦੀਆਂ ਵੱਖ-ਵੱਖ ਬੈਠਕਾਂ ਵਿੱਚ ਹਿੱਸਾ ਲੈਣ ‘ਤੇ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਅਜੇ ਤੱਕ ਸਕੂਲਾਂ ਦੇ ਟੀਚਰਾਂ ‘ਤੇ ਬੇਸਲਾਈਨ ਅਸੈਸਮੈਂਟ ਨਾਲ ਖਿਲਵਾੜ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਸਕੂਲਾਂ ਦੇ ਨਿਰੀਖਣ ਦੌਰਾਨ ਕੁਝ ਅਜਿਹੇ ਵਿਦਿਆਰਥੀ ਮਿਲੇ ਜੋ ਸਿਰਫ ਕਿਤਾਬ ਦੀ ਇੱਕ ਲਾਈਨ ਪੜ੍ਹ ਸਕਦੇ ਹਨ ਪਰ ਉਨ੍ਹਾਂ ਨੂੰ 60 ਫੀਸਦੀ ਤੋਂ ਵੱਧ ਨੰਬਰ ਮਿਲੇ। ਹਾਲਾਂਕਿ ਅਜੇ ਸਰਾਕਰ ਦੇ ਕੋਲ ਸਕੂਲਾਂ ਦੀ ਜ਼ਮੀਨੀ ਹਕੀਕਤ ਨੂੰ ਲੈ ਕੇ ਕੋਈ ਪ੍ਰਮਾਣਿਤ ਰਿਪੋਰਟ ਨਹੀਂ ਹੈ, ਪਰ ਜਲਦ ਹੀ ਅਸਲੀਅਤ ਦਾ ਪਤਾ ਲੱਗ ਜਾਏਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਮੀਤ ਹੇਅਰ ਨੇ ਕਿਹਾ ਕਿ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਸੂਬੇ ਦੇ ਸਕੂਲਾਂ ਨੂੰ ਸੁਧਾਰਨ ਵਿੱਚ ਅਧਿਆਪਕ ਕੋਸ਼ਿਸ਼ ਨਹੀਂ ਕਰ ਰਹੇ। ਕੁਝ ਸਕੂਲਾਂ ਵਿੱਚ ਅਧਿਆਪਕ ਆਪਣੇ ਪੱਧਰ ‘ਤੇ ਕੰਮ ਕਰ ਰਹੇ ਹਨ। ਇਥੋਂ ਤੱਕ ਕਿ ਉਹ ਸਕੂਲ ਕੰਪਲੈਕਸ ਦੀ ਖੁਦ ਹੀ ਸਫਾਈ ਕਰ ਰਹੇ ਹਨ। ਕੁਝ ਸਾਡੇ ਕੋਲ ਸਕੂਲਾਂ ਦੀਆਂ ਚੰਗੀਆਂ ਮਿਸਾਲਾਂ ਵੀ ਹਨ, ਪਰ ਇਸ ਤੋਂ ਬਾਅਦ ਵੀ ਸਿੱਖਿਆ ਦੇ ਖੇਤਰ ਵਿੱਚ ਵੱਡੇ ਪੱਧਰ ‘ਤੇ ਸੁਧਾਰ ਦੀ ਲੋੜ ਹੈ।
ਦੱਸਣਯੋਗ ਹੈ ਕਿ ਪੰਜਾਬ ਵਿੱਚ 19500 ਦੇ ਕਰੀਬ ਸਕੂਲ ਹਨ। ਹਾਲ ਹੀ ਵਿੱਚ ਜਾਰੀ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਪੰਜਾਬ ਦੇ ਸਿਰਫ਼ 3656 ਸਕੂਲਾਂ ਦਾ ਮੁਲਾਂਕਣ ਕੀਤਾ ਗਿਆ ਸੀ। ਇਹ ਸਰਵੇਖਣ ਪ੍ਰਕਿਰਿਆ ਵੀ ਕਈ ਸਵਾਲ ਖੜ੍ਹੇ ਕਰਦੀ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਐਲਾਨ ਕੀਤਾ ਹੈ ਕਿ ਈਟੀਟੀ ਅਧਿਆਪਕਾਂ ਦੀਆਂ 29,941 ਅਸਾਮੀਆਂ ਵਿੱਚੋਂ ਘੱਟੋ-ਘੱਟ 15,000 ਅਸਾਮੀਆਂ ਖਾਲੀ ਹਨ। ਅਜਿਹੇ ‘ਚ ਸਰਵੇਖਣ ਦੇ ਅੰਕੜਿਆਂ ‘ਤੇ ਸਵਾਲ ਉੱਠਣੇ ਲਾਜ਼ਮੀ ਹਨ।