ਕਿਸਾਨ ਨੇਤਾ ਜਗਜੀਤ ਡੱਲੇਵਾਲ ਦਾ ਅੱਜ 6ਵੇਂ ਦਿਨ ਵੀ ਮਰਨ ਵਰਤ ਜਾਰੀ ਰਿਹਾ। ਹਾਲਾਂਕਿ ਸਥਾਨਕ ਪ੍ਰਸ਼ਾਸਨ ਨੇ ਅੱਜ ਫਰੀਦਕੋਟ ਵਿੱਚ ਨੈਸ਼ਨਲ ਹਾਈਵੇਅ ਸਥਿਤ ਟਹਿਣਾ ਟੀ-ਪੁਆਇੰਟ ‘ਤੇ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਬੈਠੇ ਕਿਸਾਨਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕ ਹਰਦਿੱਤ ਸੇਖੋਂ ਨੇ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ ਪਰ ਕਿਸਾਨਾਂ ਨਾਲ ਕੋਈ ਸਹਿਮਤੀ ਨਹੀਂ ਬਣ ਸਕੀ।
ਦਰਅਸਲ ਪਹਿਲਾਂ ਵਿਧਾਇਕ ਹਰਦਿੱਤ ਸੇਖੋਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਪਰ ਜਦੋਂ ਕੋਈ ਸਹਿਮਤੀ ਨਾ ਬਣ ਸਕੀ ਤਾਂ ਕੈਬਨਿਟ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉੱਥੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੇ ਬਾਵਜੂਦ ਕੋਈ ਸਹਿਮਤੀ ਨਹੀਂ ਬਣ ਸਕੀ ਅਤੇ ਕਿਸਾਨ ਚਲੇ ਗਏ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਦੇ ਮੀਟਿੰਗ ਲਈ ਆਉਣ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ, ਫਰੀਦਕੋਟ ਦੇ ਐਸਐਸਪੀ ਰਾਜਪਾਲ ਸਿੰਘ ਸੰਧੂ ਅਤੇ ਡੀਸੀ ਡਾਕਟਰ ਰੂਹੀ ਦੁੱਗਲ ਵੀ ਉਨ੍ਹਾਂ ਨੂੰ ਮਨਾਉਣ ਲਈ ਪੁੱਜੇ ਸਨ। ਅੱਜ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਕਿਸਾਨ ਜਥੇਬੰਦੀ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ। ਕਿਉਂਕਿ ਪਿਛਲੇ ਦਿਨੀਂ ਸੀਐਮ ਮਾਨ ਨੇ ਕਿਹਾ ਸੀ ਕਿ ਕੁਝ ਕਿਸਾਨ ਜਥੇਬੰਦੀਆਂ ਫੰਡ ਇਕੱਠਾ ਕਰਨ ਲਈ ਧਰਨੇ ‘ਤੇ ਜਾਂਦੀਆਂ ਹਨ। ਮੁੱਖ ਮੰਤਰੀ ਦੀ ਇਸ ਗੱਲ ਕਾਰਨ ਕਿਸਾਨ ਜਥੇਬੰਦੀਆਂ ਵਿੱਚ ਭਾਰੀ ਰੋਸ ਹੈ।
ਦੂਜੇ ਪਾਸੇ ਪਟਿਆਲਾ-ਰਾਜਪੁਰਾ ਰੋਡ ’ਤੇ ਧਰੇੜੀ ਜੱਟਾਂ ਦੇ ਟੋਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨ ਧਰਨੇ ’ਤੇ ਬੈਠੇ ਹਨ। ਇਸ ਕਾਰਨ ਦੁਪਹਿਰ ਤੱਕ ਲੰਮਾ ਜਾਮ ਲੱਗਾ ਰਿਹਾ ਪਰ ਲੋਕਾਂ ਨੂੰ ਹੋ ਰਹੀ ਅਸੁਵਿਧਾ ਨੂੰ ਦੇਖਦੇ ਹੋਏ ਕਿਸਾਨਾਂ ਨੇ ਦੁਪਹਿਰ 2 ਵਜੇ ਦੇ ਕਰੀਬ ਜਾਮ ਖੋਲ੍ਹ ਦਿੱਤਾ। ਕਿਸਾਨਾਂ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਹੀ ਰਸਤਾ ਖੋਲ੍ਹਿਆ ਗਿਆ ਹੈ ਪਰ ਜਦੋਂ ਤੱਕ ਮੰਗਾਂ ਲਾਗੂ ਨਹੀਂ ਹੁੰਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਇਹ ਵੀ ਪੜ੍ਹੋ : ਨਹੀਂ ਰਹੇ ਪੰਜਾਬੀ ਫਿਲਮ ਡਾਇਰੈਕਟਰ ਸੁਖਦੀਪ ਸੁੱਖੀ, 3 ਮਹਿਨਿਆਂ ਅੰਦਰ ਗਏ ਮਾਪੇ ਤੇ ਹੁਣ ਪੁੱਤ
ਇਹ ਹਨ ਕਿਸਾਨਾਂ ਦੀਆਂ ਮੰਗਾਂ
ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣਨ ਵਾਲੇ ਹਾਈਵੇਅ ’ਚ ਆਉਣ ਵਾਲੀ ਜ਼ਮੀਨ ਦਾ ਗਲਤ ਮੁਆਵਜ਼ਾ ਦੇਣ ’ਤੇ ਸਬੰਧਤ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਜਾਵੇ। ਪਿੰਕ ਬਲਾਈਟ ਅਤੇ ਹੜ੍ਹ, ਚਾਈਨਾ ਵਾਇਰਸ ਅਤੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਨਰਮੇ ਦਾ ਸਹੀ ਮੁਆਵਜ਼ਾ ਦਿੱਤਾ ਜਾਵੇ। ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਦਰਜ ਕੀਤਾ ਗਿਆ ਕੇਸ ਅਤੇ ਰੇਡ ਐਂਟਰੀ ਰੱਦ ਕੀਤੀ ਜਾਵੇ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਚਾਂਸਲਰ ਖਿਲਾਫ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: