ਕਿਰਨ ਬੇਦੀ ਦੇ ਬਿਆਨ ‘ਤੇ ‘ਆਪ’ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਭੜਕ ਗਏ ਹਨ। ਉਨ੍ਹਾਂ ਨੇ ਭਾਜਪਾ ਆਗੂ ਦੇ ਇਸ ਵਿਵਾਦਿਤ ਟਿੱਪਣੀ ਦਾ ਵਿਰੋਧ ਕੀਤਾ ਹੈ ਤੇ ਟਵੀਟ ਕਰਦਿਆਂ ਕਿਹਾ ਹੈ ਕਿ-“ਭਾਜਪਾ ਦੇ ਛੋਟੀ ਸੋਚ ਵਾਲੇ ਨੇਤਾਵਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜਦੋਂ ਮੁਗਲ ਭਾਰਤ ਨੂੰ ਲੁੱਟ ਕੇ ਲੈ ਜਾ ਰਹੇ ਸਨ ਤਾਂ ਸਿੱਖਾਂ ਨੇ ਹੀ ਉਨ੍ਹਾਂ ਦਾ ਮੁਕਾਬਲਾ ਕੀਤਾ ਸੀ। ਅਹਿਸਾਨ ਬਦਲੇ ਸਿੱਖਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।”
ਪੰਜਾਬ ਦੇ ਮੰਤਰੀ ਹਰਜੋਤ ਬੈਂਸ ਨੇ ਵੀ ਕਿਰਨ ਬੇਦੀ ਦੀ ਸਿੱਖਾਂ ਨੂੰ ਲੈ ਕੇ ਕੀਤੀ ਵਿਵਾਦਿਤ ਟਿੱਪਣੀ ਦੀ ਨਿੰਦਾ ਕੀਤੀ ਹੈ ਤੇ ਕਿਹਾ ਕਿ “ਛੋਟੀ ਸੋਚ ‘ਤੇ ਸ਼ਰਮਾ ਆਉਣੀ ਚਾਹੀਦੀ ਹੈ। ਸਿੱਖਾਂ ਤੇ ਉਨ੍ਹਾਂ ਦੇ ਇਤਿਹਾਸ ਅਤੇ ਭਾਰਤ ਵਿੱਚ ਸਿੱਖਾਂ ਦੇ ਯੋਗਦਾਨ ਬਾਰੇ ਪੜ੍ਹੋ। ਭਾਜਪਾ ਚੁੱਪ ਕਿਉਂ ਹੈ? ਮੈਂ ਉਨ੍ਹਾਂ ਖ਼ਿਲਾਫ਼ ਤੁਰੰਤ FIR ਦਰਜ ਕਰਨ ਦੀ ਮੰਗ ਕਰਦਾ ਹਾਂ।
ਦੱਸ ਦੇਈਏ ਕਿ ਦੇਸ਼ ਦੀ ਪਹਿਲੀ ਮਹਿਲਾ IPS ਅਫ਼ਸਰ ਕਿਰਨ ਬੇਦੀ ਨੇ ਸਿੱਖਾਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਦਰਅਸਲ, ਕਿਰਨ ਬੇਦੀ ਨੇ ਆਪਣੀ ਕਿਤਾਬ ‘ਫੀਅਰਲੈੱਸ ਗਵਰਨੈਂਸ’ ਦੇ ਹਿੰਦੀ ਐਡੀਸ਼ਨ ਨੂੰ ਲਾਂਚ ਕਰਨ ਮੌਕੇ ’12 ਵਜੇ ਵਾਲੀ’ ਟਿੱਪਣੀ ਕਰ ਕੇ ਸਿਖਾਂ ਦਾ ਮਜ਼ਾਕ ਉਡਾਇਆ ਹੈ। ਕਿਤਾਬ ਲਾਂਚ ਕਰਨ ਮੌਕੇ ਉਨ੍ਹਾਂ ਕਿਹਾ, “12 ਵਜੇ ਕਿਤਾਬ ਲਾਂਚ ਕਰਾਂਗੇ, ਕੋਈ ਸਰਦਾਰ ਜੀ ਤਾਂ ਇੱਥੇ ਨਹੀਂ ਹੈ”। ਇਸ ਤੋਂ ਬਾਅਦ ਉੱਥੇ ਮੌਜੂਦ ਲੋਕ ਹੱਸਣ ਲੱਗ ਜਾਂਦੇ ਹਨ । ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਕਿਰਨ ਬੇਦੀ ਦੀ ਇਸ ਟਿੱਪਣੀ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਸੋਸ਼ਲ ਮੀਡੀਆ ’ਤੇ ਵੀ ਉਨ੍ਹਾਂ ਦਾ ਲਗਾਤਾਰ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ । ਜਿਸ ਤੋਂ ਬਾਅਦ ਯੂਜ਼ਰਸ ਵੱਲੋਂ ਕਿਰਨ ਬੇਦੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ।
ਵੀਡੀਓ ਲਈ ਕਲਿੱਕ ਕਰੋ -: