ਨਵਾਂਸ਼ਹਿਰ : ਵਿਧਾਇਕ ਅੰਗਦ ਸਿੰਘ ਨੇ ਐਸਐਸਪੀ ਨਵਾਂਸ਼ਹਿਰ ਹਰਮਨਬੀਰ ਸਿੰਘ ਗਿੱਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸੀ ਵਰਕਰਾਂ ਦੇ ਨਾਲ ਵੀਰਵਾਰ ਨੂੰ ਐਸਐਸਪੀ ਦਫਤਰ ਦੇ ਬਾਹਰ ਧਰਨਾ ਦਿੱਤਾ।
ਮੌਕੇ ’ਤੇ ਐਸਐਸਪੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਅੰਗਦ ਸਿੰਘ ਨੇ ਦੋਸ਼ ਲਾਇਆ ਕਿ ਐਸਐਸਪੀ ਆਪਣੇ ਆਪ ਨੂੰ ਬਦਮਾਸ਼ ਸਮਝਦਾ ਹੈ ਅਤੇ ਨਵਾਂਸ਼ਹਿਰ ਵਿੱਚ ਮਾਲਵੇ ਵਾਲਾ ਸਿਸਟਮ ਚਲਾਉਣਾ ਚਾਹੁੰਦਾ ਹੈ। ਉਨ੍ਹਾਂ ਐਸਐਸਪੀ ਹਰਮਨਬੀਰ ਸਿੰਘ ਗਿੱਲ ’ਤੇ ਆਮ ਆਦਮੀ ਪਾਰਟੀ ਦੇ ਏਜੰਟ ਵਜੋਂ ਕੰਮ ਕਰਨ ਦਾ ਦੋਸ਼ ਲਾਇਆ।
ਜਦੋਂ ਐਸਐਸਪੀ ਨੇ ਜੁਆਇਨ ਕੀਤਾ ਸੀ ਉਦੋਂ ਆਮ ਆਦਮੀ ਪਾਰਟੀ ਦੇ ਆਗੂ ਪਹਿਲਾਂ ਉਨ੍ਹਾਂ ਨੂੰ ਮਿਲਣ ਲਈ ਇੱਕ ਨਿੱਜੀ ਹੋਟਲ ਪਹੁੰਚੇ ਸਨ। ‘ਆਪ’ ਆਗੂਆਂ ਦੇ ਕਹਿਣ ‘ਤੇ ਐਸਐਸਪੀ ਵੱਲੋਂ ਕਾਂਗਰਸੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਐਸਐਸਪੀ ਨਵਾਂਸ਼ਹਿਰ ਵਿੱਚ ਨਹੀਂ ਲਗਾਇਆ ਜਾਣਾ ਚਾਹੀਦਾ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਹ ਭੂ ਮਾਫੀਆ ਵਜੋਂ ਕੰਮ ਕਰਦਾ ਸੀ। ਉਨ੍ਹਾਂ ਐਸਐਸਪੀ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਸੇ ਭੁਲੇਖੇ ਵਿੱਚ ਨਾ ਰਹਿਣ। ਅੰਗਦ ਸਿੰਘ ਨੇ ਕਿਹਾ ਕਿ ਪੁਲਿਸ ਰਾਹੋਂ ਦੀ ਨਗਰ ਕੌਂਸਲ ਦੇ ਪ੍ਰਧਾਨ ਅਮਰਜੀਤ ਸਿੰਘ ਬਿੱਟਾ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੀ ਹੈ।
ਇਸ ਦੇ ਨਾਲ ਹੀ ਵਿਧਾਇਕ ਖ਼ਾਸ ਕਾਕਾ ਸੋਨੀ ਨੂੰ ਪੁਲਿਸ ਨੇ ਵੀਰਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ। ਕਾਕਾ ਸੋਨੀ ਦੇ ਖ਼ਿਲਾਫ਼ ਪਿਛਲੇ ਸਾਲ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਅੱਧੇ ਘੰਟੇ ਬਾਅਦ ਪੁਲਿਸ ਨੇ ਕਾਕਾ ਸੋਨੀ ਨੂੰ ਛੱਡ ਦਿੱਤਾ। ਅੰਗਦ ਸਿੰਘ ਨੇ ਦੱਸਿਆ ਕਿ ਐਸਐਸਪੀ ਹਰਮਨਬੀਰ ਸਿੰਘ ਅਤੇ ਉਨ੍ਹਾਂ ਦੇ ਭਰਾ ਐਮਪੀ ਜਸਬੀਰ ਡਿੰਪਾ ਨੇ ਅੰਮ੍ਰਿਤਸਰ ਵਿੱਚ ਉਨ੍ਹਾਂ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਕੋਰੋਨਾ ਦੇ ਨਵੇਂ ਵੇਰੀਏਂਟ ਦੀ ਪਛਾਣ ਲਈ ਜੀਨੋਮ ਫੈਸਿਲਟੀ ਸ਼ੁਰੂ : ਬਲਬੀਰ ਸਿੱਧੂ
ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਵਿਧਾਇਕ ਅੰਗਦ ਸਿੰਘ ਨੂੰ ਸੁਨੇਹਾ ਭੇਜਦਿਆਂ ਕਿਹਾ ਕਿ ਉਹ ਜ਼ਿਲ੍ਹੇ ਤੋਂ ਬਾਹਰ ਹਨ। ਦੋ ਦਿਨਾਂ ਬਾਅਦ ਆ ਕੇ ਉਨ੍ਹਾਂ ਨੂੰ ਆ ਕੇ ਮਿਲਣਗੇ। ਇਸ ਤੋਂ ਬਾਅਦ ਵਿਧਾਇਕ ਅੰਗਦ ਸਿੰਘ ਨੇ ਧਰਨਾ ਚੁੱਕ ਲਿਆ। ਅੰਗਦ ਸਿੰਘ ਨੇ ਕਿਹਾ ਕਿ ਜੇਕਰ ਐਸਐਸਪੀ ਦੋ ਦਿਨਾਂ ਬਾਅਦ ਵੀ ਉਨ੍ਹਾਂ ਨੂੰ ਨਾ ਮਿਲੇ ਤਾਂ ਉਹ ਦੁਬਾਰਾ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦੇਣਗੇ।
ਇਸ ਸਬੰਧ ਵਿੱਚ ਐਸਐਸਪੀ ਹਰਮਨਬੀਰ ਸਿੰਘ ਦਾ ਕਹਿਣਾ ਹੈ ਕਿ ਵਿਧਾਇਕ ਨੇ ਉਨ੍ਹਾਂ ਉੱਤੇ ਜੋ ਵੀ ਦੋਸ਼ ਲਗਾਏ ਹਨ ਉਹ ਬੇਬੁਨਿਆਦ ਅਤੇ ਗਲਤ ਹਨ। ਉਹ ਸਰਕਾਰ ਦੇ ਨਿਰਦੇਸ਼ਾਂ ਅਤੇ ਕਾਨੂੰਨ ਦੇ ਅਧੀਨ ਆਪਣਾ ਕੰਮ ਕਰ ਰਹੇ ਹਨ ਅਤੇ ਕਰਦੇ ਰਹਿਣਗੇ।