ਪਿਛਲੇ ਦਿਨੀਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿਚ ਪੰਜਾਬ ਦੇ ਸਿਹਤ ਮੰਤਰੀ ਚੇਤਨ ਜੌੜਾਮਾਜਰਾ ਦੀ ਫੇਰੀ ਦੌਰਾਨ ਸਿਹਤ ਮੰਤਰੀ ਅਤੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਗੰਦੇ ਗੱਦੀਆਂ ਤੇ ਲੁਟਾਉਣ ਦਾ ਵਿਵਾਦ ਤੁਹਾਨੂੰ ਯਾਦ ਹੀ ਹੋਵੇਗਾ, ਉਸ ਵਿਵਾਦ ਨੇ ਅਜਿਹਾ ਤੂਲ ਫੜਿਆ ਕਿ ਸਿਆਸੀ ਗਲਿਆਰਿਆਂ ਵਿੱਚ ਹਲਚਲ ਛਿੜ ਗਈ ਸੀ, ਜਿਥੇ ਕੁਝ ਲੋਕ ਵੀਸੀ ਦੇ ਹੱਕ ਵਿੱਚ ਖੜ੍ਹੇ ਸਨ ਅਤੇ ਕੁਝ ਲੋਕ ਉਨ੍ਹਾਂ ਦਾ ਵਿਰੋਧ ਕਰ ਰਹੇ ਸਨ ਕਿ ਸਿਹਤ ਮੰਤਰੀ ਵੱਲੋਂ ਇਹ ਗਲਤ ਕੀਤਾ ਗਿਆ।
ਇਸ ਦੌਰਾਨ ਸਿਹਤ ਮੰਤਰੀ ਨੇ ਕਿਹਾ ਸੀ ਉਨ੍ਹਾਂ ਵੱਲੋਂ ਆਪਣੇ ਖਰਚੇ ‘ਤੇ 200 ਦੇ ਕਰੀਬ ਗੱਦੇ ਮੈਡੀਕਲ ਕਾਲਜ ਨੂੰ ਭੇਜੇ ਗਏ ਸਨ ਅਤੇ ਉਹ ਗੱਦੇ ਆਉਣ ਤੋਂ ਬਾਅਦ ਅੱਜ ਫਿਰ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ਼ ਦੀਆਂ ਤਸਵੀਰਾਂ ਦੇਖੀਆਂ ਗਈਆਂ ਕਿ ਇੱਕ ਟਰਾਲੀ ਭਰ ਕੇ ਗਲੇ-ਸੜੇ ਗੱਦਿਆ ਨੂੰ ਬਾਹਰ ਕੱਢਿਆ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਬਲਾਕ ਪ੍ਰਧਾਨ ਅਮਨਦੀਪ ਸਿੰਘ ਬਾਬਾ ਨੇ ਕਿਹਾ ਕਿ ਇਨ੍ਹਾਂ ਗੱਦਿਆਂ ਨੂੰ ਵੇਖ ਕੇ ਜੱਗ ਜ਼ਾਹਰ ਹੋ ਰਿਹਾ ਕਿ ਇੱਥੇ ਜੋ ਕਮੀਆਂ ਸਨ, ਜਿਸ ਕਾਰਨ ਪਿਛਲੇ ਦਿਨੀਂ ਸਿਹਤ ਮੰਤਰੀ ਚੇਤਨ ਜੌੜਾਮਾਜਰਾ ਵੱਲੋਂ ਆ ਕੇ ਇੱਥੇ ਚੈਕਿੰਗ ਕੀਤੀ ਗਈ ਸੀ ਅਤੇ ਮੰਤਰੀ ਵੱਲੋਂ 200 ਗੱਦੇ ਭੇਜੇ ਗਏ ਸਨ ਅਤੇ 400 ਦੇ ਕਰੀਬ ਗੱਦੇ USA ਦੀ ਸੰਸਥਾ ਵੱਲੋ ਭੇਜੇ ਜਾਣਗੇ।
ਕੁਝ ਗੱਦੇ ਮੈਡੀਕਲ ਕਾਲਜ ਵੱਲੋਂ ਵੀ ਮੰਗਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫਰੀਦਕੋਟ ਦੇ ਵਿਧਾਇਕ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਡੀਕਲ ਦੇ ਮਾੜੇ ਪ੍ਰਬੰਧਾਂ ਨੂੰ ਸੁਧਾਰਿਆ ਜਾਵੇ ਅਤੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਵੱਲੋਂ ਇੱਕ ਵਾਰਡ ਨੂੰ ਗੋਦ ਲਿਆ ਜਾਵੇਗਾ ਅਤੇ ਹਾਲਾਤ ਸੁਧਾਰੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: