ਲੁਧਿਆਣੇ ਵਿੱਚ ਉਸ ਵੇਲੇ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ ਵੀਰਵਾਰ ਦੁਪਹਿਰ ਕਰੀਬ 3 ਵਜੇ ਸ਼ਹਿਰ ‘ਚ ਬੰਬ ਧਮਾਕੇ ਵਰਗੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਕੋਈ ਇਸ ਨੂੰ ਬੱਦਲ ਫਟਣ ਦੀ ਆਵਾਜ਼ ਮੰਨ ਰਿਹਾ ਸੀ, ਜਦਕਿ ਕੋਈ Sonic Boom ਦੀ। ਇਸ ਰਹੱਸਮਈ ਆਵਾਜ਼ ਤੋਂ ਲੋਕ ਪ੍ਰੇਸ਼ਾਨ ਹੋ ਗਏ, ਪਰ ਲੋਕਾਂ ਨੂੰ ਕੁਝ ਸਪੱਸ਼ਟ ਨਹੀਂ ਹੋ ਪਾ ਰਿਹਾ ਸੀ ਕਿ ਅਖੀਰ ਇਹ ਆਵਾਜ਼ਾਂ ਕਿਸ ਚੀਜ਼ ਦੀਆਂ ਹਨ।
ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਲੋਕ ਸਹਿਮ ਗਏ ਤੇ ਘਰਾਂ ਤੇ ਦਫਤਰਾਂ ਤੋਂ ਬਾਹਰ ਨਿਕਲ ਗਏ। ਇਸ ਆਵਾਜ਼ ਨਾਲ ਲੋਕਾਂ ਦੇ ਖਿੜਕੀਆਂ ਦਰਵਾਜ਼ੇ ਹਿੱਲਣ ਲੱਗੇ। ਕੋਈ ਇਸ ਨੂੰ ਚੀਨ ਵੱਲੋਂ ਤਾਈਵਾਨ ‘ਤੇ ਸੁੱਟਿਆ ਬੰਬ ਦੱਸਣਾ ਸ਼ੁਰੂ ਕੀਤਾ ਤਾਂ ਕੋਈ ਪਾਕਿਸਤਾਨ ਦੀ ਕਾਲੀ ਕਰਤੂਤ ਕਹਿ ਰਿਹਾ ਸੀ। ਹਰ ਕੋਈ ਆਪਣੀਆਂ ਕਿਆਸ ਅਰਾਈਆਂ ਲਾਉਣ ਵਿੱਚ ਲੱਗਾ ਹੋਇਆ ਸੀ।
ਲੋਕਾਂ ਨੇ ਜਿਵੇਂ ਹੀ ਇਹ ਆਵਾਜ਼ ਸੁਣੀ ਗਈ, ਉਵੇਂ ਹੀ ਤੁਰੰਤ ਵ੍ਹਾਟਸਐਪ ‘ਤੇ ਇਸ ਦੇ ਮੈਸੇਜਾਂ ਦਾ ਦੌਰ ਸ਼ੁਰੂ ਹੋ ਗਿਆ। ਲੋਕ ਇਕ-ਦੂਜੇ ਨੂੰ ਮੈਸੇਜ ਦੇ ਕੇ ਪੁਸ਼ਟੀ ਕਰ ਰਹੇ ਸਨ ਕਿ ਦੂਜਿਆਂ ਨੂੰ ਵੀ ਇਹ ਆਵਾਜ਼ਾਂ ਸੁਣੀਆਂ ਹਨ ਜਾਂ ਨਹੀਂ।
ਇਹ ਰਹੱਸਮਈ ਆਵਾਜ਼ ਕਿਸ ਚੀਜ਼ ਦੀ ਸੀ, ਇਸ ਦੀ ਪੁਸ਼ਟੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਕੀਤੀ। ਉਨ੍ਹਾਂ ਦੱਸਿਆ ਕਿ ਇਹ ਕੋਈ ਧਮਾਕਾ ਨਹੀਂ ਸੀ, ਸਗੋਂ ਇਹ Sonic Boom ਦੀ ਆਵਾਜ਼ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਤੇਜ਼ ਧਮਾਕੇ ਦੀ ਆਵਾਜ਼ ਦੁਪਹਿਰ ਕਰੀਬ 1 ਵਜੇ ਸੁਣੀ ਗਈ, ਜਦਕਿ ਦੂਜੇ ਦੀ ਸ਼ਾਮ 4 ਵਜੇ ਦੇ ਕਰੀਬ। ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਜਾਂਚ ਕੀਤੀ ਅਤੇ ਅਜਿਹਾ ਲਗਦਾ ਹੈ ਕਿ ਇਹ ਸਿਰਫ ਇੱਕ ਸੋਨਿਕ ਬੂਮ ਸੀ।
ਇਹ ਵੀ ਪੜ੍ਹੋ : ਜਲੰਧਰ : ਸੋਢਲ ਰੋਡ ‘ਤੇ UCO ਬੈਂਕ ‘ਚ ਦਿਨ-ਦਿਹਾੜੇ 13 ਲੱਖ ਦੀ ਲੁੱਟ, ਲੋਕਾਂ ਦੇ ਗਹਿਣੇ ਵੀ ਲੁਹਾ ਹੋਏ ਫਰਾਰ
ਉਨ੍ਹਾਂ ਨੇ ਅੱਗੇ ਕਿਹਾ ਕਿ ਧਮਾਕੇ ਕਾਰਨ ਲੋਕਾਂ ‘ਚ ਘਬਰਾਹਟ ਪੈਦਾ ਹੋ ਗਈ ਅਤੇ ਬਹੁਤ ਸਾਰੇ ਲੋਕਾਂ ਦੀਆਂ ਪੁਲਿਸ ਹੈਲਪਲਾਈਨ ‘ਤੇ ਕਾਲਾਂ ਆਈਆਂ, ਜੋਕਿ ਇਸ ਜਾਣਨਾ ਚਾਹੁੰਦੇ ਸਨ ਕਿ ਇਹ ਆਵਾਜ਼ਾਂ ਕਾਹਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਪਹਿਲਾ ਧਮਾਕਾ ਹੋਇਆ ਤਾਂ ਅਸੀਂ ਮੀਟਿੰਗ ਵਿੱਚ ਸੀ। ਅਸੀਂ ਤੁਰੰਤ ਇਸ ਦੀ ਜਾਂਚ ਕਰਵਾਈ।
ਸੂਤਰਾਂ ਮੂਤਾਬਕ ਏਅਰਫੋਰਸ ਸਟੇਸ਼ਨ ਹਲਵਾਰਾ ਵਿੱਚ ਤਾਇਨਾਤ ਲੜਾਕੂ ਜਹਾਜ਼ ਸੁਖੋਈ ਐੱਮ.ਕੇ.ਆਈ.-30 ਦੀ ਪ੍ਰੈਕਟਿ ਉਡਾਨਾਂ ਵੀਰਵਾਰ ਨੂੰ ਸਨ। ਇਹ ਸੁਪਰਸੋਨਿਕ ਲੜਾਕੂ ਜਹਾਜ਼ ਆਵਾਜ਼ ਦੀ ਰਫਤਾਰ ਤੋਂ ਵੀ ਤੇਜ਼ ਉਡਣ ਵਿੱਚ ਸਮਰੱਥ ਹਨ। ਜਦੋਂ ਇਹ ਜਹਾਜ਼ ਉੱਡੇ ਤਾਂ ਇਨ੍ਹਾਂ ਨੇ ਆਵਾਜ਼ ਦੀ ਰਫਤਾਰ ਨੂੰ ਮਾਤ ਦਿੱਤੀ ਤੇ ਅਸਮਾਨ ਵਿੱਚ ਜ਼ੋਰਦਾਰ ਧਮਾਕਾ ਹੋਇਆ, ਜੋ ਦੂਰ-ਦੂਰ ਤੱਕ ਸੁਣਾਈ ਦਿੱਤਾ।
ਕੀ ਹੁੰਦਾ ਹੈ ਸੋਨਿਕ ਬੂਮ
ਜਦੋੰ ਤੁਹਾਡੇ ਸਿਰ ਉਪਰੋਂ ਕੋਈ ਹਵਾਈ ਜਹਾਜ਼ ਲੰਘਦਾ ਹੈ ਤਾਂ ਤੇਜ਼ ਆਵਾਜ਼ ਸੁਣਾਈ ਦਿੱਤੀ ਹੋਵੇਗੀ। ਇੰਝ ਲੱਗਦਾ ਹੈ ਕਿ ਜਿਵੇਂ ਕਿਤੇ ਕੁਝ ਫਟਿਆ ਹੈ ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ। ਦਰਅਸਲ ਜਦੋਂ ਕੋਈ ਚੀਜ਼ ਆਵਾਜ਼ ਦੀ ਰਫਤਾਰ ਤੋਂ ਵੀ ਜ਼ਿਆਦਾ ਤੇਜ਼ ਰਫਤਾਰ ਨਾਲ ਲੰਘਦੀ ਹੈ ਤਾਂ ਧਮਾਕੇ ਵਰਗੀ ਆਵਾਜ਼ਾ ਪੈਦਾ ਹੁੰਦੀ ਹੈ, ਇਸ ਨੂੰ ਹੀ ਸੋਨਿਕ ਬੂਮ ਕਿਹਾ ਜਾਂਦਾ ਹੈ। ਸੋਨਿਕ ਬੂਮ ਨਾਲ ਵੱਡੀ ਮਾਤਰਾ ਵਿੱਚ ਆਵਾਜ਼ਾ ਪੈਦਾ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: