ਪੁੰਛ ਦੇ ਦੂਰ-ਦੁਰਾਡੇ ਇਲਾਕੇ ‘ਚ ਏਰੀਆ ਡੋਮਿਨੇਸ਼ਨ ਗਸ਼ਤ ਦੌਰਾਨ ਨਦੀ ਪਾਰ ਕਰਦੇ ਹੋਏ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਨਾਇਬ ਸੂਬੇਦਾਰ ਕੁਲਦੀਪ ਸਿੰਘ ਅਚਾਨਕ ਆਏ ਹੜ੍ਹ ਵਿੱਚ ਰੁੜ੍ਹ ਗਏ। ਇਹ ਜਾਣਕਾਰੀ ਪੀਆਰਓ ਰੱਖਿਆ ਜੰਮੂ ਨੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੋਸ਼ਾਨਾ ਨਦੀ ‘ਚ ਰੁੜ ਗਏ ਭਾਰਤੀ ਫੌਜ ਦੇ ਦੋ ਜਵਾਨਾਂ ਨੂੰ ਲੱਭਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਦੂਜੇ ਪਾਸੇ ਫੌਜ ਦੇ 16 ਕਾਰਪਸ ਕਮਾਂਡਿੰਗ ਅਫਸਰ ਤੇ ਜਵਾਨਾਂ ਨੇ ਕੁਲਦੀਪ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ। 16 ਕਾਰਪਸ ਦੇ ਟਵਿੱਟਰ ਪੇਜ ‘ਤੇ ਲਿਖਿਆ ਗਿਆ ਹੈ ਕਿ ਵ੍ਹਾਈਟ ਨਾਈਟ ਕਾਰਪਸ ਦੇ ਕਮਾਂਡਰ ਤੇ ਸਾਰੇ ਰੈਂਕ ਨਾਇਬ ਸੂਬੇਦਾਰ ਕੁਲਦੀਪ ਸਿੰਘ ਦੇ ਸਰਵਉੱਚ ਬਲੀਦਾਨ ਨੂੰ ਸਲਾਮ ਕਰਦੇ ਹਨ।
ਰਿਪੋਰਟਾਂ ਮੁਤਾਬਕ ਪੁੰਛ ਦੇ ਸੁਰਾਨਕੋਟੇ ਦੇ ਪੋਸ਼ਾਨਾ ਵਿੱਚ ਇਹ ਫੌਜੀ ਡੋਗਰਾ ਨਾਲਾ ਪਾਰ ਕਰ ਰਹੇ ਸਨ ਪਰ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ।
ਦਰਅਸਲ ਜੰਮੂ-ਕਸ਼ਮੀਰ ‘ਚ ਭਾਰੀ ਮੀਂਹ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਮੀਂਹ ਕਾਰਨ ਇੱਥੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ ਹੈ। ਮੌਸਮ ਨੂੰ ਦੇਖਦੇ ਹੋਏ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਭਾਰੀ ਮੀਂਹ ਕਾਰਨ ਜੇਹਲਮ ਅਤੇ ਇਸ ਦੀਆਂ ਸਹਾਇਕ ਨਦੀਆਂ ‘ਚ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਕਈ ਥਾਵਾਂ ‘ਤੇ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਉਨ੍ਹਾਂ ਥਾਵਾਂ ਤੋਂ ਦੂਰ ਰਹਿਣ ਲਈ ਕਿਹਾ ਹੈ, ਜਿੱਥੇ ਪਾਣੀ ਵੱਧ ਰਿਹਾ ਹੈ।
ਇਹ ਵੀ ਪੜ੍ਹੋ : ਮੋਹਾਲੀ-ਜਲੰਧਰ-ਲੁਧਿਆਣਾ ਸਣੇ ਕਈ ਜ਼ਿਲ੍ਹਿਆਂ ‘ਚ ਰੈੱਡ, ਆਰੈਂਜ ਅਲਰਟ ਜਾਰੀ, ਤੇਜ਼ ਹਵਾਵਾਂ ਨਾਲ ਪਊ ਮੀਂਹ
ਐਤਵਾਰ ਨੂੰ ਜਲਘਰਾਂ ਵਿਚ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅੱਜ ਵੀ ਵੱਖ-ਵੱਖ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਇੱਥੇ 10 ਤੋਂ 14 ਜੁਲਾਈ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।
ਖਰਾਬ ਮੌਸਮ ਦਾ ਅਸਰ ਅਮਰਨਾਥ ਯਾਤਰਾ ‘ਤੇ ਵੀ ਪਿਆ ਹੈ। ਇਸ ਨੂੰ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਈ ਸੀ ਅਤੇ 31 ਅਗਸਤ ਤੱਕ ਜਾਰੀ ਰਹਿਣੀ ਸੀ।
ਵੀਡੀਓ ਲਈ ਕਲਿੱਕ ਕਰੋ -: