ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁੰਬਈ ਅੰਡਰਵਰਲਡ ਸਰਗਰਮੀਆਂ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦਾ ਨਾਂ ਅੰਡਰਵਰਲਡ ਡਾਨ ਦਾਊਦ ਇਬ੍ਰਾਹਿਮ ਦੇ ਭਰਾ ਇਕਬਾਲ ਕਾਸਕਰ ਨੇ ਲਿਆ ਸੀ।
ਈਡੀ ਦੀ ਟੀਮ ਸਵੇਰੇ 7.45 ਵਜੇ ਉਨ੍ਹਾਂ ਤੋਂ ਪੁੱਛਗਿੱਛ ਲਈ ਮੁੰਬਈ ਸਥਿਤ ਦਫ਼ਤਰ ਪਹੁੰਚੀ ਸੀ। ਗ੍ਰਿਫਤਾਰੀ ਤੋਂ ਬਾਅਦ ਮਲਿਕ ਨੂੰ ਜਦੋਂ ਈਡੀ ਦੇ ਦਫਤਰ ਤੋਂ ਬਾਹਰ ਲਿਆਇਆ ਗਿਆ ਤਾਂ ਉਨ੍ਹਾਂ ਨੇ ਬਾਹਰ ਨਿਕਲਦੇ ਹੱਥ ਦਾ ਜ਼ੋਰਦਾਰ ਪੰਚ ਬਣਾ ਕੇ ਹਵਾ ਵਿੱਚ ਲਹਿਰਾਇਆ। ਘਰ ਦੇ ਗੇਟ ਤੋਂ ਗੱਡੀ ਤੱਕ ਉਹ ਮੁਸਕਰਾਉਂਦੇ ਗਏ।
ਦੱਸ ਦੇਈਏ ਕਿ ਸ਼ਾਹਰੁਖ਼ ਖਾਨ ਦੇ ਪੁੱਤਰ ਆਰਿਅਨ ਖਾਨ ਨੂੰ ਜਦੋਂ ਡਰੱਗ ਕੇਸ ਵਿੱਚ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ, ਉਸ ਵੇਲੇ ਨਵਾਬ ਮਲਿਕ ਨੇ ਆਰਿਅਨ ਦੇ ਹੱਕ ਵਿੱਚ ਆਏ ਸਨ। ਉਨ੍ਹਾਂ ਕਿਹਾ ਸੀ ਕਿ ਕਰੂਜ਼ ਤੋਂ ਡਰੱਗਸ ਦੀ ਕਥਿਤ ਬਰਾਮਦਗੀ ਨਾਲ ਸਬੰਧਤ ਮਾਮਲਾ ਫਰਜ਼ੀ ਹੈ ਤੇ ਗ੍ਰਿਫਤਾਰੀ ਸਿਰਫ ਵ੍ਹਾਟਸਐਪ ਗੱਲਬਾਤ ਦੇ ਆਧਾਰ ‘ਤੇ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਈਡੀ ਦੀ ਟੀਮ ਸਵੇਰੇ 5 ਵਜੇ ਮਲਿਕ ਦੇ ਕੁਰਲਾ ਦੇ ਨੂਰ ਮੰਜ਼ਿਲ ਸਥਿਤ ਘਰ ਪਹੁੰਚੀ। ਇਸ ਪਿੱਛੋਂ 7 ਵਜੇ ਟੀਮ ਉਨ੍ਹਾਂ ਦੇ ਘਰੋਂ ਨਿਕਲ ਕੇ 7.45 ‘ਤੇ ਈਡੀ ਦਫਤਰ ਪਹੁੰਚੀ। ਇਸ ਦੌਰਾਨ ਸੀ.ਆਰ.ਪੀ.ਐੱਫ. ਦੀ ਇੱਕ ਵੱਡੀ ਟੀਮ ਉਨ੍ਹਾਂ ਦੇ ਨਾਲ ਸੀ। ਈਡੀ ਨੇ ਇਸ ਪੂਰੀ ਕਾਰਵਾਈ ਨੂੰ ਚੁੱਪ-ਚਪੀਤੇ ਅੰਜਾਮ ਦਿੱਤਾ। ਆਫਿਸ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਦਸਤੇ ਤਾਇਨਾਤ ਸਨ।
ਦੱਸਣਯੋਗ ਹੈ ਕਿ 9 ਨਵੰਬਰ 2021 ਨੂੰ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੇ ਨਵਾਬ ਮਲਿਕ ਦੇ ਅੰਡਰਵਰਲਡ ਨਾਲ ਰਿਸ਼ਤੇ ਦਾ ਸਨਸਨੀਖ਼ੇਜ਼ ਖੁਲਾਸਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਨਵਾਬ ਮਲਿਕ ਨੇ ਦਾਉਦ ਅਬ੍ਰਾਹਿਮ ਦੇ ਗੈਂਗ ਤੋਂ ਜ਼ਮੀਨਾਂ ਖਰੀਦੀਆਂ। ਇਹ ਜ਼ਮੀਨਾਂ ਮੁੰਬਈ ਵਿੱਚ ਬਲਾਸਟ ਕਰਨ ਵਾਲੇ ਦੋਸ਼ੀਆਂ ਦੀਆਂ ਹਨ।
ਉਨ੍ਹਾਂ ਦੋਸ਼ ਲਾਇਆ ਸੀ ਕਿ ਸਰਕਾਰ ਸ਼ਾਹ ਵਲੀ ਖਾਨ ਤੇ ਹਸੀਨਾ ਪਾਰਕਰ ਦੇ ਕਰੀਬੀ ਸਲੀਮ ਪਟੇਲ ਦੇ ਨਵਾਬ ਮਲਿਕ ਨਾਲ ਕਾਰੋਬਾਰੀ ਸਬੰਧ ਹਨ। ਇਨ੍ਹਾਂ ਦੋਵਾਂ ਨੇ ਨਵਾਬ ਮਲਿਕ ਦੇ ਰਿਸ਼ਤੇਦਾਰ ਦੀ ਇੱਕ ਕੰਪਨੀ ਨੂੰ ਮੁਬਈ ਦੇ LBS ਰੋਡ ‘ਤੇ ਮੌਜੂਦ ਕਰੋੜਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚੀ। ਮੰਨਿਆ ਜਾ ਰਿਹਾ ਹੈ ਕਿ ਇਸੇ ਮਾਮਲੇ ਵਿੱਚ ਈਡੀ ਨੇ ਕਾਰਵਾਈ ਕਰਦੇ ਹੋਏ ਮਲਿਕ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ, ਹਾਲਾਂਕਿ ਕੋਈ ਅਧਿਕਾਰਤ ਬਿਆਨ ਅਜੇ ਤੱਕ ਸਾਹਮਣੇ ਨਹੀਂ ਆਇਆ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਸੂਤਰਾਂ ਮੁਤਾਬਕ ਦਾਉਦ ਦੇ ਭਰਾ ਇਕਬਾਲ ਕਾਸਕਰ ਨੇ ਈਡੀ ਦੀ ਪੁੱਛਗਿੱਛ ਵਿੱਚ ਉਨ੍ਹਾਂ ਦਾ ਨਾਂ ਲਿਆ ਹੈ। ਦਾਉਦ ਇਬ੍ਰਾਹਿਮ ਤੇ ਉਸ ਦੇ ਕਰੀਬੀ ਲੋਕਾਂ ਖਿਲਾਫ ਮਨੀ ਲਾਂਡ੍ਰਿੰਗ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਕਾਸਕਰ ਤੇ ਮਲਿਕ ਦੀ ਕੰਪਨੀ ਵਿਚਾਲੇ ਹੋਏ ਇੱਕ ਜ਼ਮੀਨ ਦੇ ਲੈਣ-ਦੇਣ ਦੇ ਸਬੂਤ ਵੀ ਈਡੀ ਨੂੰ ਮਿਲੇ ਹਨ। ਕਾਸਕਰ ਨੂੰ ਈਡੀ ਨੇ 7 ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।