ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉਲਾਹ ਨੇ ਨਵਾਜ਼ ਸ਼ਰੀਫ ਦੀ ਪਾਕਿਸਤਾਨ ਵਾਪਸੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਮੁਸਲਿਮ-ਲੀਗ-ਨਵਾਜ਼ ਦੇ ਮੁਖੀ ਨਵਾਜ਼ ਸ਼ਰੀਫ ਦੇਸ਼ ਵਿਚ ਆਮ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੁੰਦੇ ਹੀ ਲੰਦਨ ਤੋਂ ਪਰਤ ਆਉਣਗੇ।
ਇਕ ਇੰਟਰਵਿਊ ਵਿਚ ਸਨਾਉਲਾਹ ਨੇ ਕਿਹਾ ਕਿ ਨਵਾਜ਼ ਸ਼ਰੀਫ ਪਾਕਿਸਤਾਨ ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ PML-N ਦੀਆਂ ਤਿਆਰੀਆਂ ਦੀ ਅਗਵਾਈ ਕਰਨਗੇ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਸੁਪਰੀਮ ਕੋਰਟ ਦੇ ਹੁਕਮ ਅਤੇ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਸਿਆਸੀ ਤੌਰ ‘ਤੇ ਪੰਜਾਬ ਸੂਬੇ ਵਿਚ 14 ਮਈ ਨੂੰ ਚੋਣਾਂ ਨਹੀਂ ਹੋਣਗੀਆਂ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਵੰਬਰ 2019 ਵਿਚ ਇਲਾਜ ਕਰਾਉਣ ਦਾ ਹਵਾਲਾ ਦਿੰਦੇ ਹੋਏ ਲੰਦਨ ਚਲੇ ਗਏ ਸਨ। ਜਦੋਂ ਨਵਾਜ਼ ਲੰਦਨ ਗਏ ਉਦੋਂ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਜ਼ਾ ਸੁਣਾਈ ਜਾ ਚੁੱਕੀ ਸੀ ਤੇ ਉਹ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ 7 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਸਨ। ਹਾਲਾਂਕਿ ਹਾਈਕੋਰਟ ਨੇ ਉਨ੍ਹਾਂ ਨੂੰ ਚਾਰ ਹਫਤਿਆਂ ਲਈ ਰਾਹਤ ਦਿੱਤੀ ਸੀ। ਇਸ ਦੌਰਾਨ ਨਵਾਜ਼ ਲੰਦਨ ਭੱਜ ਗਏ ਤੇ ਉਦੋਂ ਤੋਂ ਉਹ ਪਾਕਿਸਤਾਨ ਨਹੀਂ ਪਰਤੇ।
ਇਹ ਵੀ ਪੜ੍ਹੋ : DGP ਗੌਰਵ ਯਾਦਵ ਨੇ ਖੰਨਾ ਦੇ ‘ਸੁਪਰ ਕਾਪ’ ਨੂੰ ਕੀਤਾ ਸਨਮਾਨਿਤ, ਇੰਸਪੈਕਟਰ ਰੈਂਕ ਵਜੋਂ ਦਿੱਤੀ ਤਰੱਕੀ
ਦੱਸ ਦੇਈਏ ਕਿ ਪਾਕਿਸਤਾਨ ਦੀ ਸਿਆਸਤ ਵਿਚ ਸੂਬਾ ਚੋਣ ਕਰਾਉਣ ਦਾ ਮੁੱਦਾ ਛਾਇਆ ਹੋਇਆ ਹੈ। ਇਮਰਾਨ ਖਾਨ ਪੰਜਾਬ ਤੇ ਖੈਬਰ ਪਖਤੂਨਖਵਾ ਸੂਬਿਆਂ ਵਿਚ ਚੋਣ ਕਰਾਉਣ ‘ਤੇ ਜ਼ੋਰ ਦੇ ਰਹੇ ਹਨ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪੰਜਾਬ ਵਿਚ 8 ਅਕਤੂਬਰ ਤੱਕ ਚੋਣ ਮੁਲਤਵੀ ਕਰਨ ਦੇ ਚੋਣ ਕਮਿਸ਼ਨ ਦੇ ਫੈਸਲੇ ਨੂੰ 5 ਅਪ੍ਰੈਲ ਨੂੰ ਅਸੰਵਿਧਾਨਕ ਕਰਾਰ ਦਿੱਤਾ ਸੀ ਤੇ ਸੂਬੇ ਵਿਚ ਚੋਣਾਂ ਲਈ 14 ਮਈ ਦੀ ਤਰੀਕ ਤੈਅ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: