Nephew killed his uncle : ਬਲਾਚੌਰ : ਅੱਜ ਦੇ ਦੌਰ ਵਿਚ ਪੈਸੇ ਤੇ ਜ਼ਮੀਨ ਜਾਇਦਾਦ ਦੇ ਲਾਲਚ ਨੇ ਇਨਸਾਨ ਦੇ ਦਿਲੋ-ਦਿਮਾਗ ’ਤੇ ਇਸ ਹੱਦ ਤੱਕ ਪਰਦਾ ਪਾ ਦਿੱਤਾ ਹੈ ਕਿ ਉਹ ਸਕੇ ਰਿਸ਼ਤਿਆਂ ਦਾ ਵੀ ਖੂਨ ਕਰਨ ਤੋਂ ਨਹੀਂ ਝਿਜਕਦਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਬਲਾਚੌਰ ਪੋਜੇਵਾਲ ਅਧੀਨ ਪੈਂਦੇ ਪਿੰਡ ਪੈਲੀ ਵਿਖੇ, ਜਿਥੇ ਜ਼ਮੀਨ ਦੇ ਝਗੜੇ ਵਿਚ ਭਤੀਜੇ ਨੇ ਆਪਣੇ ਤਾਏ ਦਾ ਆਪਣੇ ਚਾਰ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 57 ਸਾਲਾ ਬਲਦੇਵ ਸਿੰਘ ਵਜੋਂ ਹੋਈ ਹੈ। ਦੋਸ਼ੀਆਂ ਦੀ ਪਛਾਣ ਰਵਿੰਦਰ ਸਿੰਘ ਉਰਫ ਗੁਰਵਿੰਦਰ ਸਿੰਘ ਉਰਫ ਪੈਲੀ, ਕਪਤਾਨ ਸਿੰਘ ਪੁੱਤਰ ਸੁਰਿੰਦਰ ਛਿੰਦਾਵਾਸੀ ਮਜਾਰਾ, ਮਨਦੀਪ ਕੁਮਾਰ ਪੁੱਤਰ ਭਜਨ ਲਾਲ ਵਾਸੀ ਰੱਕੜ ਢਾਹਾ, ਕਰਨਦੀਪ ਪੁੱਤਰ ਪਵਨ ਕੁਮਾਰ ਵਾਸੀ ਚੰਦਿਆਣੀ ਖੁਰਦ, ਸੰਦੀਪ ਕੁਮਾਰ (ਸੀਪਾ) ਪੁੱਤਰ ਚਰਨ ਦਾਸ ਵਾਸੀ ਟੱਪਰੀਆਂ ਖੁਰਦ ਵਜੋਂ ਹੋਈ ਹੈ।
ਮ੍ਰਿਤਕ ਦੇ ਪੁੱਤਰ ਜੰਟੀ ਸਿੰਘ ਨੇ ਐਸਐਚਓ ਰਘੁਵੀਰ ਸਿੰਘ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਪਿਤਾ ਤੇ ਜੋਗਾ ਸਿੰਘ ਦੋ ਭਰਾ ਸਨ। ਉਸ ਦੇ ਚਾਚਾ ਜੋਗਾ ਸਿੰਘ ਲਗਭਗ 14 ਸਾਲਾਂ ਤੋਂ ਇੰਗਲੈਂਡ ਰਹਿੰਦੇ ਹਨ। ਉਸ ਦੀ ਚਾਚੀ ਮਨਜੀਤ ਕੌਰ ਨੇ ਲਗਭਗ 7-8 ਸਾਲ ਪਹਿਲਾਂ ਦਾਜ ਅਤੇ ਜ਼ਮੀਨ ਦਾ ਮਾਮਲਾ ਦਰਜ ਕੀਤਾ ਸੀ। ਉਸ ਦੇ ਚਾਚੇ ਜੋਗਾ ਸਿੰਘ ਦਾ ਪੁੱਤਰ ਰਵਿੰਦਰ ਸਿੰਘ ਉਰਫ ਗੁਰਵਿੰਦਰ ਸਿੰਘ ਆਪਣੇ ਤਾਏ ਬਲਦੇਵ ਸਿੰਘ ਅਤੇ ਉਸ ਨੂੰ ਜ਼ਮੀਨ ਦੇ ਮਾਮਲੇ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਬੀਤੀ ਰਾਤ ਲਗਭਗ 9 ਵਜੇ ਜਦੋਂ ਘਰ ਦੀਆਂ ਲਾਈਟਾਂ ਬੰਦ ਸਨ, ਤਾਂ ਰਵਿੰਦਰ ਸਿੰਘ ਸਣੇ ਪੰਜ ਵਿਅਕਤੀ ਉਨ੍ਹਾਂ ਦੇ ਘਰ ਦਾਖਲ ਹੋਏ ਅਤੇ ਕਿਰਪਾਣਾਂ ਅਤੇ ਗੰਡਾਸਿਆਂ ਨਾਲ ਲਲਕਾਰਦੇ ਹੋਏ ਉਸ ਦੇ ਪਿਤਾ ’ਤੇ ਵਾਰ ਕਰਨੇ ਸ਼ੁਰੂ ਕਰ ਦਿਤੇ। ਰੌਲਾ ਸੁਣ ਕੇ ਉਹ ਅਤੇ ਉਸ ਦੀ ਘਰਵਾਲੀ ਰਮਨਦੀਪ ਕੌਰ ਅਤੇ ਉਸ ਦੀ ਭੈਣ ਗੁਰਪ੍ਰੀਤ ਕੌਰ ਆਪਣੇ ਪਿਤਾ ਨੂੰ ਛੁਡਾਉਣ ਲਈ ਅੱਗੇ ਆਏ ਤਾਂ ਉਨ੍ਹਾਂ ’ਤੇ ਵੀ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਜਿਸ ’ਤੇ ਉਹ, ਉਸ ਦੀ ਭੈਣ ਅਤੇ ਘਰਵਾਲੀ ਗੰਭੀਰ ਤੌਰ ਨਤੇ ਜ਼ਖਮੀ ਹੋ ਗਏ ਅਤੇ ਉਸ ਦੇ ਪਿਤਾ ਦੀ ਮੌਕੇ ’ਤੇ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੜੋਆ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿਚ ਉਨ੍ਹਾਂ ਨੇ ਆਪਣੀ ਚਾਚੀ ਮਨਜੀਤ ਕੌਰ ਅਤੇ ਕਾਲਾ ਮਜਾਰਾ ਨੂੰ ਦੋਸ਼ੀ ਠਹਿਰਾਇਆ ਕਿ ਉਨ੍ਹਾਂ ਦੇ ਕਹਿਣ ’ਤੇ ਹੀ ਇਹ ਕਤਲ ਕੀਤਾ ਗਿਆ ਹੈ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਨਜੀਤ ਕੌਰ ਅਤੇ ਕਾਲਾ ਪੁੱਤਰ ਪਾਲ ਸਿੰਘ ਵਾਸੀ ਮਜਾਰਾ ਸਣੇ 7 ਵਿਅਕਤੀਆਂ ’ਤੇ ਧਾਰਾ 302, 449, 323, 149, 120 ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਲਦੇਵ ਸਿੰਘ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਫੜਣ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿਚੋਂ ਕੁਝ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।