ਅੰਮ੍ਰਿਤਸਰ: ਪੰਜਾਬ ਦੇ ਨਵੇਂ ਨਿਯੁਕਤ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਤੋਂ ਬਾਅਦ ਉਹ ਸ਼ਹੀਦੀ ਯਾਦਗਾਰ ਜਲਿਆਂਵਾਲਾ ਬਾਗ ਅਤੇ ਦੁਰਗਿਆਣਾ ਮੰਦਰ ਦੇ ਦਰਸ਼ਨ ਵੀ ਕਰਨਗੇ।
ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸੂਚਨਾ ਕੇਂਦਰ ਵਿਖੇ ਸਿਰੋਪਾਓ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਦੱਸ ਦੇਈਏ ਕਿ ਬਨਵਾਰੀ ਲਾਲ ਪੁਰੋਹਿਤ ਨੇ ਮੰਗਲਵਾਰ ਨੂੰ ਪੰਜਾਬ ਦੇ ਨਵੇਂ ਰਾਜਪਾਲ ਅਤੇ ਚੰਡੀਗੜ੍ਹ ਯੂਟੀ ਦੇ ਪ੍ਰਸ਼ਾਸਕ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਰਵੀ ਸ਼ੰਕਰ ਝਾਅ ਨੇ ਪੰਜਾਬ ਰਾਜ ਭਵਨ ਵਿਖੇ ਹੋਏ ਸਹੁੰ ਚੁੱਕ ਸਮਾਗਮ ਵਿੱਚ ਸਹੁੰ ਚੁਕਾਈ ਸੀ।
81 ਸਾਲ ਦੇ ਬਨਵਾਰੀ ਲਾਲ ਪੁਰੋਹਿਤ ਨੇ 1977 ਵਿੱਚ ਰਾਜਨੀਤੀ ਵਿੱਚ ਸ਼ੁਰੂਆਤ ਕੀਤੀ ਸੀ। 1978 ਵਿੱਚ ਉਨ੍ਹਾਂ ਨੇ ਵਿਦਰਭ ਅੰਦੋਲਨ ਸਮਿਤੀ ਦੀ ਟਿਕਟ ਉੱਤੇ ਨਾਗਪੁਰ ਪੂਰਬੀ ਤੋਂ ਵਿਧਾਨ ਸਭਾ ਚੋਣਾਂ ਜਿੱਤੀਆਂ। 1980 ਵਿੱਚ ਦੱਖਣੀ ਨਾਗਪੁਰ ਤੋਂ ਕਾਂਗਰਸ ਦੇ ਵਿਧਾਇਕ ਬਣੇ। 1982 ਵਿੱਚ, ਸ਼ਹਿਰੀ ਵਿਕਾਸ ਰਾਜ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ।
1984 ਅਤੇ 1989 ਵਿੱਚ ਉਹ ਕਾਂਗਰਸ ਦੀ ਟਿਕਟ ‘ਤੇ ਨਾਗਪੁਰ-ਕਾਮਠੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ। 1991 ਵਿੱਚ ਰਾਮ ਮੰਦਰ ਮੁੱਦੇ ‘ਤੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। 1996 ਵਿੱਚ, ਉਹ ਭਾਜਪਾ ਦੀ ਟਿਕਟ ‘ਤੇ ਸੰਸਦ ਮੈਂਬਰ ਚੁਣੇ ਗਏ ਸਨ।
ਇਹ ਵੀ ਪੜ੍ਹੋ : ਮੁੱਖ ਮੰਤਰੀਆਂ ਦੀ ਝੜਪ : ਕੈਪਟਨ ਨੇ ਖੱਟੜ ਨੂੰ ਦੱਸਿਆ ‘ਬੇਸ਼ਰਮ’- 24 ਘੰਟਿਆਂ ਬਾਅਦ ਦਿੱਤੇ 8 ਸਵਾਲਾਂ ਦੇ ਜਵਾਬ
ਰਾਜਨੀਤੀ ਤੋਂ ਇਲਾਵਾ ਬਨਵਾਰੀ ਲਾਲ ਪੁਰੋਹਿਤ ਸਮਾਜਿਕ ਕਾਰਜਾਂ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਨੂੰ ਜਨਵਰੀ 2016 ਵਿੱਚ ਅਸਾਮ ਦਾ ਰਾਜਪਾਲ ਅਤੇ 6 ਅਕਤੂਬਰ 2017 ਨੂੰ ਤਾਮਿਲਨਾਡੂ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ ਤੇ ਹੁਣ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਸੇਵਾਵਾਂ ਨਿਭਾਉਣਗੇ।