ਗਿੱਲ (ਲੁਧਿਆਣਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਕਾਂਗਰਸ ਦੇ ਆਗੂਆਂ ਵੱਲੋਂ ਮਨਰੇਗਾ ਫੰਡਾਂ ਵਿਚ ਕੀਤੇ ਘੁਟਾਲੇ ਦੀ ਜਾਂਚ ਦੇ ਹੁਕਮ ਦੇਵੇਗੀ ਅਤੇ ਉਹਨਾਂ ਤੋਂ ਵਸੂਲਿਆ ਪੈਸਾ ਜਨਤਕ ਕੰਮਾਂ ’ਤੇ ਖਰਚ ਕਰੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਸ ਹਲਕੇ ਵਿਚ ਵੱਖ ਵੱਖ ਜਨਤਕ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਜਾਅਲੀ ਬਿੱਲਾਂ ਦੇ ਨਾਲ ਨਾਲ ਟਾਈਲਾਂ, ਪੇਵਰ ਤੇ ਹੋਰ ਉਸਾਰੀ ਕੰਮਾਂ ਦੇ ਵਾਧੂ ਪੈਸੇ ਲੈ ਕੇ ਮਨਰੇਗਾ ਫੰਡਾਂ ਵਿਚ ਹਜ਼ਾਰਾਂ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਆਪੋ ਆਪਣੀਆਂ ਟਾਈਲ ਫੈਕਟਰੀਆਂ ਲਗਾ ਲਈਆਂ ਤੇ ਉਹ ਸਰਕਾਰੀ ਕੰਮਾਂ ਵਾਸਤੇ ਘਟੀਆ ਮਿਆਰ ਦਾ ਸਮਾਨ ਸਪਲਾਈ ਕਰਦੇ ਰਹੇ। ਉਹਨਾਂ ਕਿਹਾ ਕਿ ਇਹਨਾਂ ਸਭ ਗਲਤ ਕੰਮਾਂ ਦੀ ਪੜਤਾਲ ਕਰਵਾਈ ਜਾਵੇਗੀ ਤੇ ਦੋਸ਼ੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਦਰਜ ਕੀਤੇ ਜਾਣਗੇ।
ਸ. ਬਾਦਲ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਸੂਬੇ ਭਰ ਵਿਚ ਅਨਾਜ ਮੰਡੀਆਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ ਸੂਬੇ ਵਿਚ ਝੋਨੇ ਦੀ ਵਾਢੀ ਹਾਲੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਈ। ਉਹਨਾਂ ਕਿਹਾ ਕਿ ਅਜਿਹਾ ਕੇਂਦਰ ਦੇ ਦਬਾਅ ਹੇਠ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਕਿਸਾਨ ਸਸਤੇ ਭਾਅ ਆਪਣੀ ਜਿਣਸ ਵੇਚਣ ਲਈ ਮਜਬੂਰ ਹੋਣਗੇ। ਸ. ਬਾਦਲ ਨੇ ਇਹ ਵੀ ਕਿਹਾ ਕਿ ਕਿਵੇਂ ਸਰਕਾਰ ਸੂਬੇ ਵਿਚ ਡੇਂਗੂ ਦੇ ਪਸਾਰ ਤੋਂ ਮੂੰਹ ਮੋੜ ਕੇ ਬੈਠੀ ਹੈ। ਉਹਨਾਂ ਕਿਹਾ ਕਿ ਸੁਬੇ ਵਿਚ ਡੇਂਗੂ ਦੇ ਕੇਸ 20 ਹਜ਼ਾਰ ਦਾ ਅੰਕੜਾ ਪਾਰ ਕਰ ਗਏ ਹਨ ਪਰ ਇਸਦਾ ਪਸਾਰ ਰੋਕਣ ਵਾਸਤੇ ਕੁਝ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਸਰਕਾਰ ਉਸੇ ਤਰੀਕੇ ਪੇਸ਼ ਆ ਰਹੀ ਹੈ ਜਿਵੇਂ ਕੋਰੋਨਾ ਵੇਲੇ ਆਈ ਸੀ ਤੇ 17 ਹਜ਼ਾਰ ਪੰਜਾਬੀਆਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ।
ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਸਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਸੇ ਤਰੀਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ ਜਿਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਹਰ ਪੰਦਰਾਂ ਦਿਨ ਬਾਅਦ ਪੰਜਾਬ ਆ ਟਪਕਦੇ ਹਨ ਤੇ ਆਪਣੀ ਇਕ ਗਰੰਟੀ ਦੀ ਗੱਲ ਕਰਨ ਲੱਗ ਪੈਂਦੇ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਉਹਨਾਂ ਨੂੰ ਸੂਬੇ ਦੀ ਇਕਾਈ ਵਿਚੋਂ ਕਿਸੇ ’ਤੇ ਵੀ ਗਰੰਟੀ ਦੇਣ ਲਈ ਭਰੋਸਾ ਨਹੀਂ ਹਨ ਹਾਲਾਂਕਿ ਉਹ ਆਪਣ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੇ ਹਨ।
ਬਾਅਦ ਵਿਚ ਜਦੋਂ ਉਹਨਾਂ ਤੋਂ ਮੀਡੀਆ ਵਿਚ ਜਾਰੀ ਕੀਤੇ ਸਰਵੇਖਣ ਰਿਪੋਰਟਾਂ ਬਾਰੇ ਪੁੱਛਿਆ ਗਿਆ ਤਾਂ ਸ. ਬਾਦਲ ਨੇ ਕਿਹਾ ਕਿ ਇਹ ਸਿਰਫ ਇਕ ਕਮਰਸੀਅਲ ਕਾਰਵਾਈ ਹੇ। ਉਹਨਾਂ ਕਿਹਾ ਕਿ ਜੋ ਵੀ ਸਭ ਤੋਂ ਵੱਧ ਪੈਸਾ ਦਿੰਦਾ ਹੈ, ਉਹ ਲਿਸਟ ਵਿਚ ਸਭ ਤੋਂ ਉਪਰ ਪਹੁੰਚ ਜਾਂਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਅਜਿਹੀਆਂ ਬੋਗਸ ਕਾਰਵਾਈਆਂ ਵਿਚ ਵਿਸ਼ਵਾਸ ਨਹੀਂ ਰੱਖਦਾ। ਉਹਨਾਂ ਕਿਹਾ ਕਿ ਮੈਂ ਸੂਬੇ ਦਾ ਦੌਰਾ ਕਰ ਰਿਹਾ ਹਾਂ ਤੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਲੋਕਾਂ ਦਾ ਝੁਕਾਅ ਅਕਾਲੀ ਦਲ ਦੇ ਪੱਖ ਵਿਚ ਹੈ। ਉਹਨਾਂ ਕਿਹਾ ਕਿ ਲੋਕ ਭ੍ਰਿਸ਼ਟ ਤੇ ਘੁਟਾਲਿਆਂ ਭਰੀ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ ਤੇ ਮਹਿਸੂਸ ਕਰਦੇ ਹਨ ਕਿ ਆਪ ਸਿਰਫ ਵਿਘਨ ਪਾਊ ਰਾਜਨੀਤੀ ਵਿਚ ਵਿਸ਼ਵਾਰ ਰੱਖਦੀ ਹੈ। ਉਹਨਾਂ ਕਿਹਾ ਕਿ ਲੋਕ ਸਰਵ ਪੱਖੀ ਵਿਕਾਸ ਵਾਸਤੇ ਅਕਾਲੀ ਦਲ ਨੂੰ ਵੋਟਾਂ ਪਾਉਣਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਆਪਣੀ ਦਿਨ ਪਰ ਲੰਬੀ ਮੁਹਿੰਮ ਗਿੱਲ ਹਲਕੇ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਨਾਲ ਮਾਲੇਰੋਕੋਟਲਾ ਰੋਡ ਤੋਂ 5 ਕਿਲੋਮੀਟਰ ਲੰਬੇ ਰੋਡ ਸ਼ੋਅ ਤੋਂ ਕੀਤੀ। ਕੇਸਰੀ ਝੰਡੇ ਲਾਈਂ ਸੈਂਕੜੇ ਊਰਜਾ ਨਾਲ ਭਰਪੂਰ ਨੌਜਵਾਨ ਉਹਨਾਂ ਦੇ ਨਾਲ ਅੱਗੇ ਚਲ ਰਹੇ ਸਨ। ਪਿੰਡ ਝੰਡੇ ਵਿਖੇ ਗੁਰੂ ਨਾਨਕ ਦਰਬਾਰ ਵਿਖੇ ਸੰਸਥਾ ਦੇ ਮੁਖੀ ਸੰਤ ਰਾਮਪਾਲ ਸਿੰਘ ਜੀ ਨੇ ਸੰਗਤ ਦੀ ਅਕਾਲੀ ਦਲ ਨੁੰ ਪੂਰਨ ਹਮਾਇਤ ਦਾ ਐਲਾਨ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਸ. ਸੁਖਬੀਰ ਸਿੰਘ ਬਾਦਲ ਨੇ ਵੱਖ ਵੱਖ ਪ੍ਰੋਗਰਾਮਾਂ ਵਿਚ ਵਿਸ਼ਾਲ ਇਕੱਠਾਂ ਨੂ ਸੰਬੋਧਨ ਕੀਤਾ। ਲੋਕਾਂ ਨੇ ਉਹਨਾਂ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ ਤੇ ਅਕਾਲੀ ਦਲ ਨੂੰ ਵੋਟਾਂ ਪਾਉਣ ਦਾ ਭਰੋਸਾ ਦਿੱਤਾ। ਸਰਦਾਰ ਬਾਦਲ ਨੇ ਬੱਚਿਆਂ ਨਾਲ ਵੀ ਸਮਾਂ ਬਿਤਾਇਆ ਤੇ ਉਹਨਾਂ ਦੀ ਡਰਾਇੰਗ ਤੇ ਪੇਂਟਿੰਗ ਵੀ ਵੇਖੀ। ਉਹਨਾਂ ਨੇ ਨੌਜਵਾਨਾਂ ਨਾਲ ਆਪਣੀ ਜਵਾਨੀ ਵੇਲੇ ਦੇ ਤਜ਼ਰਬੇ ਸਾਂਝੇ ਕੀਤੇ।