ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਸਾਰੀਆਂ ਗੈਰ ਕਾਨੂੰਨੀ ਗਤੀਵਿਧੀਆਂ ਖਾਸ ਤੌਰ ’ਤੇ ਉਨ੍ਹਾਂ ਦੇ ਸੂਬੇ ਵਿਚ ਰੇਤ ਮਾਫੀਆ ਦੇ ਸਰਗਨੇ ਹੋਣ ਦੀ ਭੂਮਿਕਾ ਦੀ ਜਾਂਚ ਕਰੇਗੀ। ਅਕਾਲੀ ਦਲ ਪ੍ਰਧਾਨ ਪਾਰਟੀ ਦੇ ਉਮੀਦਵਾਰ ਸ਼੍ਰੀ ਸਰੂਪ ਚੰਦ ਸਿੰਗਲਾ ਵੱਲੋਂ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਆਯੋਜਿਤ ਕੀਤੀ ਗਈ ਮੀਟਿੰਗ ਵਿਚ ਹਿੱਸਾ ਲੈਣ ਇਥੇ ਆਏ ਸਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਜਿਹਨਾਂ ਨੇ ਨਾ ਸਿਰਫ ਗੈਰ ਕਾਨੂੰਨੀ ਮਾਈਨਿੰਗ ਨੂੰ ਉਤਸ਼ਾਹਿਤ ਕੀਤਾ ਬਲਕਿ ਆਪਣੇ ਅਫਸਰਾਂ ਨੂੰ ਟਿੱਬਿਆਂ ਨੂੰ ਪੱਧਰ ਕਰ ਕੇ ਮਾਈਨਿੰਗ ਕਰਨ ਦੀ ਇਜਾਜ਼ਤ ਦੇਣ ਦੀਆਂ ਹਦਾਇਤਾਂ ਦੇਣ ਦੀ ਗੱਲ ਕਬੂਲੀ ਹੈ, ਦੇ ਮਾਮਲੇ ਵਿਚ ਕਾਨੂੰਨ ਆਪਣਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦੇਵਾਂਗੇ ਤੇ ਮੁੱਖ ਮੰਤਰੀ ਸਮੇਤ ਜਿਹੜੇ ਵੀ ਦੋਸ਼ੀ ਹੋਣਗੇ ਉਨ੍ਹਾਂ ਨੂੰ ਇਕੱਠਾ ਕੀਤਾ ਨਾਜਾਇਜ਼ ਪੈਸਾ ਵਾਪਸ ਕਰਨ ਲਈ ਮਜਬੂਰ ਕਰਾਂਗੇ। ਇਕ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਭਦੌੜ ਹਲਕੇ ਤੋਂ ਮੁੱਖ ਮੰਤਰੀ ਦੀ ਕਰਾਰੀਹਾਰ ਦੀ ਪੇਸ਼ੀਨਗੋਈ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਜਾਣਦੇ ਹਨ ਕਿ ਉਹ ਚਮਕੌਰ ਸਾਹਿਬ ਹਲਕੇ ਤੋਂ ਹਾਰ ਰਹੇ ਹਨ, ਇਸੇ ਕਾਰਨ ਉਨ੍ਹਾਂ ਨੇ ਭਦੌੜ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਭਦੌੜ ਸੀਟ ਤੋਂ ਹਾਰ ਦਾ ਸਾਹਮਣਾ ਕਰਨਗੇ। ਉਨ੍ਹਾਂ ਕਿਹਾ ਕਿ 10 ਮਾਰਚ ਨੂੰ ਦੋਹਾਂ ਸੀਟਾਂ ਹਾਰਨ ਤੋਂ ਬਾਅਦ ਉਨ੍ਹਾਂ ਦੀ ਅਹਿਮੀਅਤ ਖਤਮ ਹੋ ਜਾਵੇਗੀ।
ਇਕ ਹੋਰ ਸਵਾਲ ਦੇ ਜਵਾਬ ਵਿਚ ਸ੍ਰੀ ਬਾਦਲ ਨੇ ਕਿਹਾ ਕਿ ਬਠਿੰਡਾ ਦੇ ਲੋਕ ਜਾਣਦੇ ਹਨ ਕਿ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦਿਆਂ ਤੋਂ ਭੱਜ ਗਏ ਹਨ। ਭਾਵੇਂ ਉਹ ਥਰਮਲ ਪਲਾਂਟ ਸੁਰਜੀਤ ਕਰਨ ਦਾ ਵਾਅਦਾ ਹੋਵੇ ਜਾਂ ਫਿਰ ਹਲਕੇ ਵਿਚ ਸਨੱਅਤ ਲਿਆਉਣ ਦਾ ਉਨ੍ਹਾਂ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਮਨਪ੍ਰੀਤ ਸਿੰਘ ਬਾਦਲ ਬਾਰੇ ਅਕਾਲੀ ਲੀਡਰਸ਼ਿਪ ਵੱਲੋਂ ਨਰਮ ਰੁੱਖ ਅਪਣਾਉਣ ਬਾਰੇ ਸਾਰੇ ਦੋਸ਼ਾਂ ਨੁੰ ਰੱਦ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹਨਾਂ ਗੱਲਾਂ ਵਿਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਲਈ ਸਾਡੇ ਲਈ ਹਰ ਸੀਟ ਅਹਿਮ ਹੈ। ਉਨ੍ਹਾਂ ਕਿਹਾ ਕਿ ਆਪਣੇ ਸਿਆਸੀ ਵਿਰੋਧੀਆਂ ਨਾਲ ਅਜਿਹੇ ਅਨੈਤਿਕ ਸਮਝੌਤੇ ਕਰਨ ਨਾਲੋਂ ਮੈਂ ਸਿਆਸਤ ਛੱਡ ਦਿਆਂਗਾ।
ਬਠਿੰਡਾ ਦੇ ਵੋਟਰਾਂ ਨੁੰ ਸਰੂਪ ਚੰਦ ਸਿੰਗਲਾ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਐਲਾਨ ਕੀਤਾ ਕਿ ਉਹ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਵਿਚ ਆਬਕਾਰੀ ਤੇ ਕਰ ਮੰਤਰੀ ਹੋਣਗੇ। ਉਨ੍ਹਾਂ ਨੇ ਸਨੱਅਤਕਾਰੀਆਂ ਤੇ ਵਪਾਰੀਆਂ ਦੀ ਭਲਾਈ ਵਾਸਤੇ ਆਪਣੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਸ. ਬਾਦਲ ਨੇ ਪੰਜਾਬੀਆਂ ਨੂੰ ਭਰੋਸਾ ਦੁਆਇਆ ਕਿ ਇਕ ਸਥਿਰ ਸਰਕਾਰ ਦੇਣ ਲਈ ਅਮਨ ਕਾਨੂੰਨ ਵਿਵਸਥਾ, ਸਿੱਖਿਆ ਤੇ ਸਿਹਤ ਉਹਨਾਂ ਦੀਆਂ ਉਚ ਤਰਜੀਹਾਂ ਹੋਣਗੀਆਂ। ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਨੂੰ ਇਕ ਸੋਲਿਡ ਵੇਸਟ ਮੈਨੇਜਮੈਂਟ ਕੰਪਨੀ ਕਰਾਰ ਦਿੰਦਿਆਂ ਕਿਹਾ ਕਿ ਝਾੜੂ ਪਾਰਟੀ ਨੇ ਹੁਣ ਉਹ ਉਮੀਦਵਾਰ ਖੜ੍ਹੇ ਕੀਤੇ ਹਨ ਜਿਹਨਾਂ ਨੂੰ ਹੋਰ ਪਾਰਟੀਆਂ ਨੇ ਠੁਕਰਾ ਦਿੱਤਾ ਹੈ ਜਿਵੇਂ ਕਿ ਉਸਨੇ ਬਠਿੰਡਾ ਦਿਹਾਤੀ ਹਲਕੇ ਤੋਂ ਉਸ ਪਾਰਟੀ ਨੂੰ ਟਿਕਟ ਦਿੱਤੀ ਹੈ ਜਿਸਨੂੰ ਅਕਾਲੀ ਦਲ ਨੇ ਮਾਸੂਮ ਲੋਕਾਂ ਨੂੰ ਲੁੱਟਣ ਦੇ ਦੋਸ਼ਾਂ ਵਿਚ ਪਾਰਟੀ ਵਿਚੋਂ ਕੱਢਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਸ. ਬਾਦਲ ਨੇ ਆਪ ਵੱਲੋਂ ਭਗਵੰਤ ਮਾਨ ਨੂੰ ਡੰਮੀ ਚੇਹਰਾ ਬਣਾਉਣ ਦਾ ਭਾਂਡਾ ਭੰਨਦਿਆਂ ਕਿਹਾ ਕਿ ਆਪ ਦਾ ਅਸਲ ਮਨੋਰਥ ਕੇਜਰੀਵਾਲ ਨੁੰ ਮੁੱਖ ਮੰਤਰੀ ਚਿਹਰਾ ਬਣਾਉਣਾ ਹੈ ਤੇ ਪੰਜਾਬੀ ਇਸ ਖੇਡ ਨੂੰ ਸਮਝਦੇ ਹਨ ਤੇ ਉਹ ਆਪ ਦੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਣਗੇ। ਪ੍ਰੋਗਰਾਮ ਦੌਰਾਨ ਦਰਜਨ ਦੇ ਕਰੀਬ ਯੂਨੀਅਨਾਂ ਤੇ ਐਸੋਸੀਏਸ਼ਨਾਂ ਨੇ ਆਪਣੇ ਮੰਗ ਪੱਤਰ ਸ੍ਰੀ ਬਾਦਲ ਨੂੰ ਸੌਂਪੇ ਤੇ ਉਨ੍ਹਾਂ ਨੇ ਭਰੋਸਾ ਦੁਆਇਆ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਆਉਣ ’ਤੇ ਉਹ ਜੋ ਸੰਭਵ ਹੋ ਸਕੇਗਾ ਉਨ੍ਹਾਂ ਵਾਸਤੇ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਿਤ ਗੁਪਤਾ, ਅਮਿਤ ਕਪੂਰ ਤੇ ਬਲਕਾਰ ਬਰਾੜ ਵੀ ਹਾਜ਼ਰ ਸਨ।