ਗੈਂਗਸਟਰਾਂ-ਅੱਤਵਾਦੀ ਨੈੱਟਵਰਕ ‘ਤੇ ਨਵੀਂ ਕਾਰਵਾਈ ਕਰਦੇ ਹੋਏ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪੰਜ ਰਾਜਾਂ ‘ਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ‘ਚ ਵੀ NIA ਨੇ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਸੀ।ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ NIA ਨੇ ਮੰਗਲਵਾਰ ਸਵੇਰੇ ਉੱਤਰ ਪ੍ਰਦੇਸ਼, ਪੰਜਾਬ, ਰਾਜਸਥਾਨ, ਹਰਿਆਣਾ ਅਤੇ ਦਿੱਲੀ ਦੀਆਂ ਕਰੀਬ 20 ਲੋਕੇਸ਼ਨਾਂ ‘ਤੇ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ। ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਨੂੰ ਕੁਝ ਦਿਨ ਪਹਿਲਾਂ ਹੀ ਪੰਜਾਬ ਦੀ ਜੇਲ੍ਹ ਤੋਂ ਦਿੱਲੀ ਸਥਿਤ NIA ਦੇ ਮੁੱਖ ਦਫਤਰ ਲਿਆਇਆ ਗਿਆ ਹੈ। ਗੈਂਗਸਟਰ ਬਿਸ਼ਨੋਈ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਅੱਜ ਇਹ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਅਤੇ ਰਾਜਸਥਾਨ ਸਣੇ ਦੂਜੇ ਜ਼ਿਲ੍ਹਿਆਂ ਦੇ ਕਈ ਟਿਕਾਣਿਆਂ ‘ਤੇ ਛਾਪੇ ਮਾਰੇ ਗਏ ਹਨ, ਐਨਆਈਏ ਦੁਆਰਾ ਪਿਛਲੇ ਹਫ਼ਤੇ ਤਿੰਨ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਨਵੀਨ ਡਬਾਸ ਅਤੇ ਸੁਨੀਲ ਬਲਿਆਨ ਉਰਫ ਟਿੱਲੂ ਤਾਜਪੁਰੀਆ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁੱਛਗਿੱਛ ਕਰਨ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ।
ਪਿਛਲੇ ਮਹੀਨੇ ਕੇਂਦਰੀ ਏਜੰਸੀ ਵੱਲੋਂ ਘਟਨਾ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਇਸੇ ਤਰ੍ਹਾਂ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਅਕਤੂਬਰ ਮਹੀਨੇ ‘ਚ NIA ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ 50 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਜਾਂਚ ਏਜੰਸੀ ਨੇ ਗੈਂਗਸਟਰਾਂ ਦੇ ਅੱਤਵਾਦੀਆਂ ਅਤੇ ਨਸ਼ਾ ਤਸਕਰਾਂ ਨਾਲ ਸਬੰਧਾਂ ਬਾਰੇ ਵੇਰਵੇ ਹਾਸਲ ਕਰਨ ਲਈ ਛਾਪੇਮਾਰੀ ਕੀਤੀ ਸੀ।
ਰਾਜਸਥਾਨ ਦੇ ਚੁਰੂ ‘ਚ ਸੰਪਤ ਨਹਿਰਾ ਦੇ ਟਿਕਾਣਿਆਂ ‘ਤੇ ਛਾਪੇਮਾਰੀ ਦੀ ਸੂਚਨਾ ਮਿਲੀ ਸੀ। ਜਦਕਿ ਪੰਜਾਬ ਵਿੱਚ ਵਕੀਲ ਗੁਰਪ੍ਰੀਤ ਸਿੰਘ ਸਿੱਧੂ, ਕਬੱਡੀ ਪ੍ਰਮੋਟਰ ਜੱਗਾ ਜੰਡੀਆਂ ਅਤੇ ਕਥਿਤ ਗੈਂਗਸਟਰ ਜ਼ਮਾਨ ਸਿੰਘ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਗਈ।
ਇਹ ਵੀ ਪੜ੍ਹੋ : ਗੱਲਾਂ ‘ਚ ਮਸਤ ਔਰਤ ਦੀ ਪਿੱਠ ਪਿੱਛੋਂ ਐਕਟਿਵਾ ‘ਗਾਇਬ’, ਚਾਬੀ ਵਿੱਚੇ ਛੱਡੀ, ਚੋਰ CCTV ‘ਚ ਕੈਦ
NIA ਦੇ ਸੂਤਰਾਂ ਨੇ ਉਸ ਵੇਲੇ ਜ਼ੋਰ ਦੇ ਕੇ ਕਿਹਾ ਸੀ ਕਿ ਅਜਿਹੇ ਅੱਤਵਾਦੀ ਨੈਟਵਰਕਾਂ ਦੇ ਨਾਲ-ਨਾਲ ਉਨ੍ਹਾਂ ਦੇ ਫੰਡਿੰਗ ਅਤੇ ਸਹਾਇਤਾ ਦੇ ਬੁਨਿਆਦੀ ਢਾਂਚੇ ਨੂੰ ਖਤਮ ਕਰਨ ਲਈ ਜਾਂਚ ਜਾਰੀ ਰਹੇਗੀ। ਟੀਮ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਗਿਰੋਹ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਰਹੇ ਸਨ ਅਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਰਾਹੀਂ ਅਜਿਹੀਆਂ ਅਪਰਾਧਿਕ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਫੰਡ ਵੀ ਇਕੱਠੇ ਕਰ ਰਹੇ ਸਨ।
ਇਸੇ ਦੌਰਾਨ ਮਈ ਵਿੱਚ ਗਾਇਕ-ਰਾਜਨੇਤਾ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਤੋਂ ਜਾਂਚ ਕੀਤੀ ਜਾ ਰਹੀ ਹੈ। ਜਤਿੰਦਰ ਮਾਨ ਉਰਫ਼ ਗੋਗੀ ਦੇ ਕਤਲ ਨਾਲ ਸਬੰਧਤ ਜੇਲ੍ਹ ਵਿੱਚ ਬੰਦ ਗੈਂਗਸਟਰ ਸੁਨੀਲ ਮਾਨ ਉਰਫ਼ ਟਿੱਲੂ ਤਾਜਪੁਰੀਆ ਅਤੇ ਨਵੀਨ ਡਬਾਸ ਉਰਫ਼ ਨਵੀਨ ਬਾਲੀ ਦਿੱਲੀ ਦੀ ਇੱਕ ਅਦਾਲਤ ਵਿੱਚ ਪੇਸ਼ ਹੋਏ।
ਵੀਡੀਓ ਲਈ ਕਲਿੱਕ ਕਰੋ -: