ਪੰਜਾਬ ਵਿੱਚ ਸਰਕਾਰੀ ਬੱਸਾਂ ‘ਚੋਂ ਤੇਲ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹਣ ਲਈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਤਿੰਨ ਸੂਬਾ ਪੱਧਰੀ ਟੀਮਾਂ ਸਣੇ ਡਿਪੂ ਪੱਧਰੀ ਛਾਪੇਮਾਰ ਟੀਮਾਂ ਗਠਿਤ ਕੀਤੀਆਂ ਹਨ, ਜੋ ਸੂਬੇ ਵਿੱਚ ਲਗਾਤਾਰ ਛਾਪੇ ਮਾਰਨਗੀਆਂ। ਰਾਜ ਪੱਧਰੀ ਤਿੰਨ ਟੀਮਾਂ ਸਿੱਧੇ ਤੌਰ ‘ਤੇ ਟਰਾਂਸਪੋਰਟ ਮੰਤਰੀ ਨੂੰ ਰਿਪੋਰਟ ਕਰਨਗੀਆਂ, ਉੱਥੇ ਹੀ ਡਿਪੂ ਪੱਧਰੀ ਟੀਮਾਂ ਸਬੰਧਤ ਜਨਰਲ/ਡਿਪੂ ਮੈਨੇਜਰਾਂ ਨੂੰ ਰਿਪੋਰਟ ਕਰਨਗੀਆਂ। ਇਸ ਦੇ ਨਾਲ ਹੀ ਤੇਲ ਚੋਰੀ ਦੀ ਜਾਣਕਾਰੀ ਦੇਣ ਲਈ ਟੈਲੀਫੋਨ ਨੰਬਰ ਵੀ ਦਿੱਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੈਂ ਵੱਖ-ਵੱਖ ਮੀਟਿੰਗਾਂ ਵਿੱਚ ਅਧਿਕਾਰੀਆਂ, ਡਰਾਈਵਰਾਂ ਅਤੇ ਕੰਡਕਟਰਾਂ ਤੋਂ ਤੇਲ ਦੀ ਚੋਰੀ ਨੂੰ ਰੋਕਣ ਲਈ ਸਹਿਯੋਗ ਮੰਗਿਆ ਸੀ ਪਰ ਇਸ ਸਭ ਦੇ ਬਾਵਜੂਦ ਤੇਲ ਚੋਰੀ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸੂਬਾ ਪੱਧਰੀ ਚੈਕਿੰਗ ਟੀਮਾਂ ਨੂੰ ਕਿਤੇ ਵੀ ਅਤੇ ਕਿਸੇ ਵੀ ਸਮੇਂ ਛਾਪੇਮਾਰੀ ਕਰਨ ਅਤੇ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਦਿਨ ਵਿੱਚ 8 ਘੰਟੇ ਦੀ ਰੋਟੇਸ਼ਨ ਡਿਊਟੀ ਦੌਰਾਨ ਡਿਪੂ ਪੱਧਰ ‘ਤੇ ਤਿੰਨੋਂ ਟੀਮਾਂ ਸਬੰਧਤ ਬੱਸ ਸਟੈਂਡ ਅਤੇ ਵਰਕਸ਼ਾਪ ‘ਤੇ ਰਾਤ ਵੇਲੇ ਆਉਣ-ਜਾਣ ਵਾਲੀਆਂ ਅਤੇ ਰੁਕਣ ਵਾਲੀਆਂ ਬੱਸਾਂ ਤੋਂ ਤੇਲ ਚੋਰੀ ਨੂੰ ਫੜਨ ਲਈ ਸਖ਼ਤ ਨਜ਼ਰ ਰੱਖਣਗੀਆਂ ਅਤੇ ਸਬੰਧਤ ਜਨਰਲ ਮੈਨੇਜਰ/ਡਿਪੋ ਮੈਨੇਜਰ ਨੂੰ ਰਿਪੋਰਟ ਕਰਨਗੀਆਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਰੇ ਜਨਰਲ ਮੈਨੇਜਰਾਂ/ ਡਿਪੋ ਮੈਨੇਜਰਾਂ ਨੂੰ ਪਹਿਲਾਂ ਹੀ ਡਿਪੂ ਪੱਧਰ ‘ਤੇ ਇੰਸਪੈਕਟਰਾਂ ਅਤੇ ਸਬ-ਇੰਸਪੈਕਟਰਾਂ ਦੀਆਂ 3-3 ਟੀਮਾਂ ਬਣਾਉਣ ਲਈ ਲਿਖਤੀ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਨਰਲ ਮੈਨੇਜਰ/ਡਿਪੂ ਮੈਨੇਜਰ ਡਿਪੂ ਪੱਧਰ ਦੀਆਂ ਟੀਮਾਂ ਦੀ ਰਿਪੋਰਟ ਹਰ ਪੰਦਰਵਾੜੇ ‘ਤੇ ਮੁੱਖ ਦਫ਼ਤਰ ਵਿੱਚ ਪੇਸ਼ ਕਰਨਾ ਯਕੀਨੀ ਬਣਾਉਣਗੇ। ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਮੂਹ ਜਨਰਲ ਮੈਨੇਜਰਾਂ/ਡਿਪੂ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਉਹ ਹਫ਼ਤੇ ਵਿੱਚ ਤਿੰਨ ਵਾਰ (ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ) ਬੱਸ ਸਟੈਂਡ ਅਤੇ ਵਰਕਸ਼ਾਪ ਦੀ ਨਿੱਜੀ ਤੌਰ ‘ਤੇ ਜਾਂਚ ਕਰਨ ਅਤੇ ਤੇਲ ਚੋਰੀ ਦੇ ਮਾਮਲਿਆਂ ਦੀ ਰਿਪੋਰਟ ਪ੍ਰਬੰਧਕੀ ਡਾਇਰੈਕਟਰ ਨੂੰ ਸੌਂਪਣ।
ਇਹ ਵੀ ਪੜ੍ਹੋ : 9 ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ PM ਮੋਦੀ ਨੂੰ ਚੌਥੀ ਚਿੱਠੀ, ਚੁੱਪ ਵੱਟੀ ਬੈਠੀ ਸਰਕਾਰ
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮੁੱਖ ਦਫ਼ਤਰ ਦੀਆਂ ਟੀਮਾਂ ਵੱਲੋਂ ਸਮੇਂ-ਸਮੇਂ ‘ਤੇ ਚੈਕਿੰਗ ਟੀਮਾਂ ਦੀ ਕਾਰਗੁਜ਼ਾਰੀ ‘ਤੇ ਨਜ਼ਰ ਰੱਖੀ ਜਾਵੇਗੀ ਅਤੇ ਜੇਕਰ ਮੁੱਖ ਦਫ਼ਤਰ ਦੀਆਂ ਚੈਕਿੰਗ ਟੀਮਾਂ ਵੱਲੋਂ ਕੋਈ ਵੀ ਤੇਲ ਚੋਰੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਬੱਸ ਸਟੈਂਡ ‘ਤੇ ਤਾਇਨਾਤ ਚੈਕਿੰਗ ਟੀਮਾਂ ਅਤੇ ਸਬੰਧਤ ਜਨਰਲ ਮੈਨੇਜਰ/ਡਿਪੋ ਮੈਨੇਜਰ ਦੀ ਹੋਵੇਗੀ। ।
ਉਨ੍ਹਾਂ ਕਿਹਾ ਕਿ ਜੇਕਰ ਡਿਪੂਆਂ ਦਾ ਕੋਈ ਅਧਿਕਾਰੀ/ ਕਰਮਚਾਰੀ ਤੇਲ ਦੀ ਚੋਰੀ ਬਾਰੇ ਗੁਪਤ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਉਹ ਟੈਲੀਫੋਨ ਨੰਬਰ 0172-2704790 ਜਾਂ dir.tpt@punbus.gov.in ‘ਤੇ ਈਮੇਲ ਰਾਹੀਂ ਜਾਣਕਾਰੀ ਦੇ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: