ਪੰਜਾਬ ‘ਚ ਮੰਗਾਂ ਪੂਰੀਆਂ ਨਾ ਹੋਣ ‘ਤੇ ਕਿਸਾਨ ਵੀਰਵਾਰ ਨੂੰ 11 ਜ਼ਿਲ੍ਹਿਆਂ ਦੇ 18 ਟੋਲ ਪਲਾਜ਼ਿਆਂ ‘ਤੇ ਜਾ ਕੇ ਉਨ੍ਹਾਂ ਨੂੰ ਬੰਦ ਕਰਵਾਉਣ ਲਈ ਪੁੱਜੇ। ਇਸ ਦੌਰਾਨ ਕਿਸਾਨਾਂ ਦੀ ਵੱਖ-ਵੱਖ ਟੋਲ ਨਾਕਿਆਂ ‘ਤੇ ਮੁਲਾਜ਼ਮਾਂ ਅਤੇ ਸਥਾਨਕ ਲੋਕਾਂ ਨਾਲ ਝੜਪ ਵੀ ਹੋਈ। ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਭਾਰੀ ਪੁਲਿਸ ਬਲ ਵੀ ਮੌਕੇ ‘ਤੇ ਮੌਜੂਦ ਹਨ। ਟਾਂਡਾ ਟੋਲ ਪਲਾਜ਼ਾ ‘ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਪੰਜਾਬ ਵਿੱਚ ਹੁਣ ਤੱਕ ਕੁੱਲ 16 ਟੋਲ ਪਲਾਜ਼ਿਆਂ ’ਤੇ ਕਿਸਾਨਾਂ ਵੱਲੋਂ ਕਬਜ਼ਾ ਕੀਤਾ ਜਾ ਚੁੱਕਾ ਹੈ ਪਰ ਸਭ ਤੋਂ ਵੱਧ ਤਣਾਅ ਵਾਲੀ ਸਥਿਤੀ ਟਾਂਡਾ ਟੋਲ ਪਲਾਜ਼ਾ ’ਤੇ ਬਣੀ ਹੋਈ ਹੈ। ਸਥਿਤੀ ‘ਤੇ ਕਾਬੂ ਪਾਉਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਟੋਲ ਕਰਮਚਾਰੀਆਂ ਨੇ ਕਿਹਾ ਹੈ ਕਿ ਜੇ ਟੋਲ ਬੰਦ ਹੋ ਗਏ ਤਾਂ ਉਹ ਬੇਰੁਜ਼ਗਾਰ ਹੋ ਜਾਣਗੇ। ਕਿਸਾਨਾਂ ਵੱਲੋਂ ਮਨਮਾਨੀਆਂ ਕਰਨ ਦੇ ਦੋਸ਼ ਲਾਏ ਜਾ ਰਹੇ ਹਨ ਪਰ ਕਿਸਾਨਾਂ ਵੱਲੋਂ ਸਾਰੇ ਟੋਲ ਕਾਊਂਟਰਾਂ ’ਤੇ ਕਬਜ਼ਾ ਕਰ ਲਿਆ ਗਿਆ ਹੈ। ਇਸ ਕਾਰਨ ਪਠਾਨਕੋਟ ਤੋਂ ਟਾਂਡਾ ਅਤੇ ਟਾਂਡਾ ਤੋਂ ਪਠਾਨਕੋਟ ਤੱਕ ਕਾਊਂਟਰ ’ਤੇ ਭਾਰੀ ਜਾਮ ਲੱਗ ਗਿਆ ਹੈ।
ਪੁਲਿਸ ਵੱਲੋਂ ਪੂਰਾ ਸਹਿਯੋਗ ਨਾ ਮਿਲਣ ਕਾਰਨ ਅਤੇ ਰੋਜ਼ੀ-ਰੋਟੀ ਦੇ ਸੰਕਟ ਕਾਰਨ ਟੋਲ ਕਰਮਚਾਰੀ ਮੌਕੇ ’ਤੇ ਮੌਜੂਦ ਵਾਹਨਾਂ ਅੱਗੇ ਹੀ ਲੇਟ ਗਏ ਹਨ। ਜਦੋਂਕਿ ਕਿਸਾਨ ਬਿਨਾਂ ਟੋਲ ਟੈਕਸ ਦੇ ਸਾਰੇ ਵਾਹਨਾਂ ਨੂੰ ਬਾਹਰ ਕੱਢਣ ਦੀ ਗੱਲ ਕਰ ਰਹੇ ਹਨ। ਕਰੀਬ 3 ਘੰਟੇ ਟੋਲ ਕਰਮਚਾਰੀ ਅਤੇ ਕਿਸਾਨ ਆਹਮੋ-ਸਾਹਮਣੇ ਰਹੇ। ਪੁਲਿਸ ਨੇ ਲਾਠੀਚਾਰਜ ਵੀ ਕੀਤਾ ਪਰ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਕਿਸਾਨ ਇਨ੍ਹਾਂ 18 ਟੋਲ ਪਲਾਜ਼ਿਆਂ ’ਤੇ ਪੁੱਜੇ
ਅੰਮ੍ਰਿਤਸਰ: ਕੱਥੂਨੰਗਲ, ਮਾਨਾਂਵਾਲਾ ਅਤੇ ਅਟਾਰੀ ਟੋਲ ਪਲਾਜ਼ਾ।
ਪਠਾਨਕੋਟ: ਦੀਨਾਨਗਰ ਟੋਲ ਪਲਾਜ਼ਾ।
ਕਪੂਰਥਲਾ: ਢਿਲਵਾਂ ਟੋਲ ਪਲਾਜ਼ਾ।
ਮੋਗਾ: ਬਾਘਾਪੁਰਾਣਾ ਟੋਲ ਪਲਾਜ਼ਾ।
ਤਰਨਤਾਰਨ: ਉਸਮਾ, ਮਨਣ ਟੋਲ ਪਲਾਜ਼ਾ।
ਹੁਸ਼ਿਆਰਪੁਰ: ਮੁਕੇਰੀਆਂ, ਚੌਲਾਂਗ, ਚੱਬੇਵਾਲ, ਮਾਨਸਰ ਅਤੇ ਗੱਦੀਵਾਲਾ ਟੋਲ ਪਲਾਜ਼ਾ।
ਫ਼ਿਰੋਜ਼ਪੁਰ: ਗਿੱਦੜਪਿੰਡੀ ਅਤੇ ਫ਼ਿਰੋਜ਼ਸ਼ਾਹ ਟੋਲ ਪਲਾਜ਼ਾ।
ਜਲੰਧਰ: ਚੱਕਬਾਹਮੀਆਂ ਟੋਲ ਪਲਾਜ਼ਾ।
ਫਾਜ਼ਿਲਕਾ: ਕਲੰਦਰ ਅਤੇ ਮਾਮੋਜਾਏ ਟੋਲ ਪਲਾਜ਼ਾ।
ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਅਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ 24 ਦਸੰਬਰ ਨੂੰ ਕਰਨਾਲ ਵਿਖੇ ਹੋਣ ਵਾਲੀ ਮੀਟਿੰਗ ਤੋਂ ਬਾਅਦ 26 ਦਸੰਬਰ ਨੂੰ ਦੇਸ਼ ਭਰ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਟੋਲ ਪਲਾਜ਼ਾ ‘ਤੇ ਕਿਸਾਨਾਂ ਤੇ ਮੁਲਾਜ਼ਮਾਂ ਵਿਚਾਲੇ ਗਰਮਾਇਆ ਮਾਹੌਲ, ਭਾਰੀ ਪੁਲਿਸ ਤਾਇਨਾਤ
ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਕਈ ਮੰਗਾਂ ਹਨ, ਜਿਨ੍ਹਾਂ ‘ਚ ਕਿਸਾਨਾਂ ‘ਤੇ ਦਰਜ ਕੀਤੇ ਕੇਸ ਰੱਦ ਕੀਤੇ ਜਾਣ, ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ, ਬੀਮਾ, ਬੀਮਾਰੀਆਂ ਨਾਲ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ, ਜਿਸ ਨੂੰ ਲਾਗੂ ਕਰਵਾਉਣ ਲਈ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: