ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ 300 ਯੂਨਿਟ ਬਿਜਲੀ ਫ੍ਰੀ ਕੀਤੇ ਜਾਣ ‘ਤੇ ਪੰਜਾਬੀਆਂ ਵਿਚ ਖੁਸ਼ੀ ਦੀ ਲਹਿਰ ਹੈ ਪਰ ਵਿਰੋਧੀਆਂ ਵੱਲੋਂ ‘ਆਪ’ ਦੇ ਇਸ ਫੈਸਲੇ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਐਲਾਨ ਦੇ ਤੁਰੰਤ ਬਾਅਦ ‘ਆਪ’ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ।
ਪ੍ਰੈੱਸ ਕਾਨਫਰੰਸ ਵਿਚ ਬੋਲਦਿਆਂ ‘ਆਪ’ ਆਗੂ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਪੰਜਾਬ ਵਿਚ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ ਤੇ ਜੇ 300 ਤੋ ਵੱਧ ਯੂਨਿਟ ਖਪਤ ਹੁੰਦੀ ਹੈ ਤਾਂ ਖਪਤਕਾਰ ਨੂੰ ਪੂਰਾ ਬਿੱਲ ਦੇਣਾ ਪਵੇਗਾ। ਸਿਰਫ 300 ਤੋਂ ਘੱਟ ਯੂਨਿਟ ਹੋਣ ‘ਤੇ ਹੀ ਇਸ ਦਾ ਫਾਇਦਾ ਹੋਵੇਗਾ । ਇਸੇ ਤਰ੍ਹਾਂ 2 ਮਹੀਨਿਆਂ ‘ਚ 600 ਤੋਂ ਵੱਧ ਯੂਨਿਟ ਹੋਏ ਤਾਂ ਬਿੱਲ ਦੇਣਾ ਪਵੇਗਾ । ਹੋਰ ਸਪੱਸ਼ਟੀਕਰਨ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਜੇਕਰ 640 ਯੂਨਿਟ ਯੂਜ਼ ਹੁੰਦੇ ਹਨ ਤਾਂ ਸਿਰਫ 40 ਯੂਨਿਟ ਦਾ ਬਿੱਲ ਦੇਣਾ ਪਵੇਗਾ।
ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਜਿਹੜੇ ਐੱਸ. ਸੀ, ਬੀ. ਸੀ., ਬੀਪੀਐੱਲ, ਫ੍ਰੀਡਮ ਫਾਈਟਰਾਂ ਨੂੰ 200 ਯੂਨਿਟ ਮੁਆਫ ਸੀ, ਉਨ੍ਹਾਂ ਨੂੰ ਵਧਾ ਕੇ 300 ਯੂਨਿਟ ਮੁਆਫ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਨਰਲ ਕੈਟਾਗਰੀ ਵਾਲਿਆਂ ਨੂੰ ਵੀ 300 ਯੂਨਿਟ ਬਿਲਕੁਲ ਮੁਫਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ 80 ਫੀਸਦੀ ਪਰਿਵਾਰਾਂ ਨੂੰ ਫਾਇਦਾ ਹੋਵੇਗਾ ਤੇ ਜੇਕਰ ਤੁਸੀਂ ਵੀ ਮੁਫਤ ਬਿਜਲੀ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ 300 ਤੋਂ ਘੱਟ ਯੂਨਿਟਾਂ ਖਰਚਣੀਆਂ ਪੈਣਗੀਆਂ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੀਆਂ ਗਈਆਂ ਗਾਰੰਟੀਆਂ ‘ਚੋਂ ਪਹਿਲੀ ਗਾਰੰਟੀ ਆਪ ਸਰਕਾਰ ਵੱਲੋਂ ਪੂਰੀ ਕਰ ਦਿੱਤੀ ਗਈ ਹੈ, ਜਿਸ ਮੁਤਾਬਕ ਹਰੇਕ ਪੰਜਾਬ ਵਾਸੀ ਨੂੰ 300 ਯੂਨਿਟ ਫ੍ਰੀ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਪਹਿਲੀਆਂ ਸਰਕਾਰਾਂ ਸਿਰਫ ਐਲਾਨ ਹੀ ਕਰਦੀਆਂ ਸੀ ਪਰ ਉਸ ਨੂੰ ਅਮਲ ਵਿਚ ਨਹੀਂ ਲਿਆਉਂਦੀ ਸੀ। ਜਦੋਂ ਕਿ ‘ਆਪ’ ਵੱਲੋਂ ਇਕ ਮਹੀਨੇ ਦੇ ਅੰਦਰ-ਅੰਦਰ ਕੀਤੇ ਵਾਅਦੇ ਨੂੰ ਪੂਰਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ‘ਦੇਸ਼ ਦਾ ਕਿਸਾਨ MSP ‘ਤੇ ਅੰਦੋਲਨ ਲਈ ਰਹੇ ਤਿਆਰ, ਦੇਸ਼ ਵੋਟ ਨਾਲ ਨਹੀਂ, ਅੰਦੋਲਨ ਨਾਲ ਬਚੇਗਾ’ : ਟਿਕੈਤ
ਖੇਤੀ ਸੈਕਟਰ ਜਾਂ ਉਦਯੋਗ ਸੈਕਟਰ ਹੋਵੇ ਉਨ੍ਹਾਂ ਨੂੰ ਜਿਹੜੀਆਂ ਪਹਿਲਾਂ ਸਬਸਿਡੀਆਂ ਮਿਲ ਰਹੀਆਂ ਹਨ, ਉਸ ਵਿਚ ਕਿਸੇ ਤਰ੍ਹਾਂ ਦੀ ਕਟੌਤੀ ਨਹੀਂ ਕੀਤੀ ਗਈ। 5000 ਕਰੋੜ ਦਾ ਵਾਧੂ ਬੋਝ ਸੂਬਾ ਸਰਕਾਰ ‘ਤੇ ਪਵੇਗਾ ਪਰ ਇਹ ਬੋਝ ਲੋਕਾਂ ‘ਤੇ ਨਹੀਂ ਪਾਇਆ ਜਾਵੇਗਾ ਸਗੋਂ ਭ੍ਰਿਸ਼ਟਾਚਾਰ ਨੂੰ ਬੰਦ ਕਰਕੇ ਜੋ ਪੈਸਾ ਵਸੂਲਿਆ ਜਾਵੇਗਾ, ਉਸ ਨੂੰ ਲੋਕਾਂ ਦੀ ਭਲਾਈ ਲਈ ਖਰਚਿਆ ਜਾਵੇਗਾ।