ਜਲੰਧਰ ਦੇ ਨਕੋਦਰ ਦੇ ਪਿੰਡ ਮੱਲੀਆਂ ਵਿੱਚ ਕਬੱਡੀ ਮੈਚ ਦੌਰਾਨ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਇੱਕ ਹੋਰ ਸਫ਼ਲਤਾ ਮਿਲੀ ਹੈ। ਪੁਲਿਸ ਨੇ ਅੰਬੀਆਂ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਤੋਂ ਲੈ ਕੇ ਠਹਿਰਾਉਣ ਤੇ ਗੱਡੀ ਦਾ ਪ੍ਰਬੰਧ ਕਰਨ ਵਾਲੇ ਦੋਸ਼ੀ ਨੂੰ ਯੂਪੀ ਤੋਂ ਗ੍ਰਿਫਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਯਾਦਵਿੰਦਰ ਸਿੰਘ ਉਰਫ਼ ਯਾਦ ਨਿਵਾਸੀ ਅਭੈਪੁਰ (ਮਾਧੋਪੁਰ, ਪੂਰਨਪੁਰ) ਜ਼ਿਲ੍ਹਾ ਪੀਲੀਭੀਤ ਯੂਪੀ ਵਜੋਂ ਹੋਈ ਹੋਈ ਹੈ। ਯਾਦਵਿੰਦਰ ਸਿੰਘ ਉਰਫ਼ ਯਾਦ ਕਤਲ ਮਾਮਲੇ ਵਿੱਚ ਜੇਲ੍ਹ ਤੋਂ ਪੁੱਛਗਿੱਛ ਲਈ ਲਿਆਏ ਗਏ ਸਿਮਰਨਜੀਤ ਸਿੰਘ ਉਰਫ਼ ਝੁਜਾਰ ਦਾ ਸਾਲਾ ਹੈ। ਸਿਮਰਨਜੀਤ ਨੇ ਹੀ ਪੁਲਿਸ ਪੁੱਛਗਿੱਛ ਵਿੱਚ ਦੱਸਿਆ ਸੀ ਕਿ ਵਿਦੇਸ਼ ਵਿੱਚ ਬੈਠੇ ਸਨਾਵਰ ਢਿੱਲੋਂ (ਅੰਮ੍ਰਿਤਸਰ ਦਾ ਨਿਵਾਸੀ ਹੈ ਤੇ ਅੱਜਕੱਲ੍ਹ ਬ੍ਰੈਂਪਟਨ (ਓਂਟਾਰੀਓ) ਕੈਨੇਡਾ ਵਿੱਚ ਰਹਿੰਦਾ ਹੈ।
ਸੁਖਵਿੰਦਰ ਸਿੰਘ ਉਰਫ਼ ਸੁੱਖਾ ਦੁਨੇਕੇ ਉਰਫ਼ ਸੁਖ ਸਿੰਘ ਮੂਲ ਨਿਵਾਸੀ ਪਿੰਡ ਦੁਨੇਕੇ (ਮੋਗਾ) ਫਿਲਹਾਲ ਨਿਵਾਸੀ ਕੈਨੇਡਾ ਸਣੇ ਜਗਜੀਤ ਸਿੰਘ ਉਰਫ ਗਾਂਧੀ ਨਿਵਾਸੀ ਡੇਹਲੋਂ ਲੁਧਿਆਣਾ (ਇਸ ਵੇਲੇ ਮਲੇਸ਼ੀਆ ਵਿੱਚ ਰਹਿ ਰਿਹਾ ਹੈ) ਦੇ ਨਾਲ ਗੱਲਬਾਤ ਤੋਂ ਬਾਅਦ ਆਪਣੇ ਸਾਲੇ ਯਾਦ ਨੂੰ ਸ਼ੂਟਰਾਂ ਦੇ ਠਹਿਰਣ, ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਤੇ ਵਾਰਦਾਤ ਸਥਾਨ ਦੀ ਰੇਕੀ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਗੱਡੀ ਦਾ ਪ੍ਰਬੰਧ ਕਰਨ ਲਈ ਕਿਹਾ ਸੀ।
ਆਪਣੇ ਜੀਜਾ ਝੁਜਾਰ ਦੇ ਕਹੇ ਮੁਤਾਬਕ ਯਾਦ ਨੇ ਸ਼ੂਟਰਾਂ ਨੂੰ ਪਿਸਤੌਲ ਤੇ ਗੋਲੀਆਂ ਦਿਵਾ ਕੇ ਅੰਮ੍ਰਿਤਸਰ ਵਿੱਚ ਠਹਿਰਾਇਆ ਸੀ। ਇਸ ਤੋਂ ਬਾਅਦ ਯਾਦ ਨੇ ਸ਼ੂਟਰਾਂ ਨੂੰ ਵਾਰਦਤਾ ਸਥਾਨ ਦੀ ਰੇਕੀ ਕਰਵਾਈ। ਅੰਬੀਆਂ ਬਾਰੇ ਸਾਰੀ ਜਾਣਕਾਰੀ ਦਿੱਤੀ ਤੇ ਵਾਰਦਾਤ ਲਈ ਗੱਡੀ ਦਾ ਪ੍ਰਬੰਧ ਵੀ ਕਰਵਾਇਆ। ਇਥੋਂ ਤੱਕ ਕਿ ਵਾਰਦਾਤ ਵਾਲੇ ਦਿਨ ਖੁਦ ਮੌਕੇ ‘ਤੇ ਮੌਜੂਦ ਸੀ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਐੱਸ.ਐੱਸ.ਪੀ. ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਕਬਜ਼ੇ ‘ਚੋਂ ਦੋ ਪਿਸਤੌਲ ਇੱਕ ਪੁਆਇੰਟ 32 ਬੋਰ ਤੇ ਇੱਕ ਪੁਆਇੰਟ 30 ਬੋਰ ਮਿਲੇ ਹਨ। ਦੋਵੇਂ ਪਿਸਤੌਲਾਂ ਦੇ ਨੇੜੇ ਛੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਵਾਰਦਾਤ ਵਿੱਚ ਵਰਤੀ ਗਈ ਐੱਕਸ.ਯੂ.ਵੀ. ਗੱਡੀ ਯੂਪੀ-25 ਡੀਡੀ-6249 ਵੀ ਬਰਾਮਦ ਕੀਤੀ ਹੈ। ਯਾਦਵਿੰਦਰ ਸਿੰਘ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸ ਨੂੰ ਚਾਰ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਹੋਰ ਦੋਸ਼ੀਆਂ ਬਾਰੇ ਵੀ ਪਤਾ ਕੀਤਾ ਜਾਵੇਗਾ।