ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਸ਼ਰਾਬੀ ਪੁਰਸ਼ ਯਾਤਰੀ ਵੱਲੋਂ ਪਿਸ਼ਾਬ ਕਰਨ ਦਾ ਮਾਮਲਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਪੈਰਿਸ ਤੋਂ ਦਿੱਲੀ ਆ ਰਹੀ ਫਲਾਈਟ ਵਿੱਚ ਇੱਕ ਬੰਦੇ ਨੇ ਮਹਿਲਾ ਯਾਤਰੀ ਦੇ ਕੰਬਲ ਉੱਤੇ ਪਿਸ਼ਾਬ ਕਰ ਦਿੱਤਾ। ਇਸ ਮਾਮਲੇ ‘ਚ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਯਾਤਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਉਸ ਨੇ ਲਿਖਤੀ ਮੁਆਫੀ ਮੰਗ ਲਈ ਸੀ।
ਰਿਪੋਰਟ ਮੁਤਾਬਕ ਫਲਾਈਟ ਸਵੇਰੇ 9.40 ਵਜੇ ਦਿੱਲੀ ਵਿੱਚ ਉਤਰੀ। ਪੂਰੇ ਮਾਮਲੇ ਬਾਰੇ ਏਅਰਪੋਰਟ ਸਕਿਓਰਿਟੀ ਵੱਲੋਂ ਦੱਸਿਆ ਗਿਆ ਕਿ ਯਾਤਰੀ ਨੇ ਸ਼ਰਾਬ ਪੀਤੀ ਸੀ ਅਤੇ ਕੈਬਿਨ ਕਰੂ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਿਹਾ ਸੀ। ਫਿਰ ਉਸ ਨੇ ਨਸ਼ੇ ਵਿੱਚ ਮਹਿਲਾ ਯਾਤਰੀ ਦੇ ਕੰਬਲ ‘ਤੇ ਪਿਸ਼ਾਬ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਦਿੱਲੀ ਵਿੱਚ ਸੀਆਰਪੀਐਫ ਨੇ ਫੜ ਲਿਆ ਪਰ ਦੋਵੇਂ ਯਾਤਰੀਆਂ ਵਿੱਚ ਸਮਝੌਤਾ ਹੋਣ ਤੋਂ ਬਾਅਦ ਪੁਰਸ਼ ਯਾਤਰੀ ਨੂੰ ਛੱਡ ਦਿੱਤਾ ਗਿਆ।
ਇਹ ਘਟਨਾ 6 ਦਸੰਬਰ ਨੂੰ ਏਅਰ ਇੰਡੀਆ ਦੀ ਫਲਾਈਟ 142 ਵਿੱਚ ਵਾਪਰੀ ਸੀ। ਜਹਾਜ਼ ਦੇ ਪਾਇਲਟ ਨੇ ਇਸ ਬਾਰੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਏਅਰ ਟ੍ਰੈਫਿਕ ਕੰਟਰੋਲ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪੁਰਸ਼ ਯਾਤਰੀ ਨੂੰ ਫੜ ਲਿਆ ਗਿਆ ਸੀ, ਪਰ ਲਿਖਤੀ ਮੁਆਫੀ ਮੰਗਣ ਤੋਂ ਬਾਅਦ ਔਰਤ ਨੇ ਉਸ ਖਿਲਾਫ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਅਤੇ ਉਸ ਨੂੰ ਛੱਡ ਦਿੱਤਾ ਗਿਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ 26 ਨਵੰਬਰ ਨੂੰ ਏਅਰ ਇੰਡੀਆ ਦੀ ਨਿਊਯਾਰਕ-ਦਿੱਲੀ ਫਲਾਈਟ ਦੇ ਬਿਜ਼ਨੈੱਸ ਕਲਾਸ ‘ਚ ਇਕ ਨਸ਼ੇ ਵਿੱਚ ਟੱਲੀ ਯਾਤਰੀ ਨੇ ਇਕ ਮਹਿਲਾ ਸਹਿ-ਯਾਤਰੀ ‘ਤੇ ਕਥਿਤ ਤੌਰ ‘ਤੇ ਪਿਸ਼ਾਬ ਕਰ ਦਿੱਤਾ ਸੀ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।
ਰਿਪੋਰਟ ਮੁਤਾਬਕ 26 ਨਵੰਬਰ ਦੀ ਘਟਨਾ ਦੇ ਮਾਮਲੇ ਵਿਚ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਤੋਂ ਮਿਲੀ ਤਹਿਰੀਰ ਦੇ ਆਧਾਰ ‘ਤੇ ਦਿੱਲੀ ਪੁਲਿਸ ਨੇ ਧਾਰਾ 294 (ਜਨਤਕ ਸਥਾਨ ‘ਤੇ ਅਸ਼ਲੀਲ ਹਰਕਤ), 354 (ਕਿਸੇ ਔਰਤ ਦੀ ਨਿਮਰਤਾ ਦਾ ਅਪਮਾਨ ਕਰਨਾ) ਭਾਰਤੀ ਦੰਡ ਸੰਹਿਤਾ ਦੀ ਧਾਰਾ 509 (ਕਿਸੇ ਔਰਤ ਨੂੰ ਸ਼ਬਦਾਂ, ਇਸ਼ਾਰਿਆਂ ਆਦਿ ਨਾਲ ਅਪਮਾਨਿਤ ਕਰਨਾ) ਅਤੇ 510 (ਨਸ਼ੇ ਦੀ ਹਾਲਤ ਵਿੱਚ ਜਨਤਕ ਸਥਾਨ ‘ਤੇ ਕਿਸੇ ਵਿਅਕਤੀ ਦੁਆਰਾ ਗਲਤ ਕੰਮ ਕਰਨਾ) ਅਤੇ ਏਅਰਕ੍ਰਾਫਟ ਨਿਯਮਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਇਸ ਪੂਰੇ ਮਾਮਲੇ ‘ਚ ਏਅਰ ਇੰਡੀਆ ਨੇ ਵੀ ਦੱਸਿਆ ਕਿ ਸਮਝੌਤਾ ਹੋ ਗਿਆ ਹੈ।