Open school students can : ਓਪਨ ਸਕੂਲਾਂ ਦੇ ਵਿਦਿਆਰਥੀ ਹੁਣ 10+1 ’ਚ ਦਾਖਲਾ ਲੈ ਸਕਣਗੇ, ਹਾਲਾਂਕਿ ਸਥਿਤੀ ਆਮ ਹੋਣ ਤੋਂ ਬਾਅਦ ਉਨ੍ਹਾਂ ਦੀ ਦਸਵੀਂ ਦੀ ਪ੍ਰਿਖਿਆ ਦੇਣੀ ਪਏਗੀ। ਦੱਸਣਯੋਗ ਹੈ ਕਿ ਓਪਨ ਕੈਟਾਗਰੀਆਂ ਦੇ ਵਿਦਿਆਰਥੀ ਸਕੂਲ ਵਿਚ ਰੈਗੂਲਰ ਵਿਦਿਆਰਥੀ ਵਜੋਂ ਦਾਖਲਾ ਨਹੀਂ ਲੈ ਰਹੇ ਸਨ, ਜਿਸ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਰਾਹਤ ਦਿੰਦੇ ਹੋਏ ਇਸ ਸ਼ਰਤ ’ਤੇ 10+1 ਵਿਚ ਦਾਖਲਾ ਲੈਣ ਦੇ ਯੋਗ ਹੋਣਗੇ, ਕਿ ਉਨ੍ਹਾਂ ਨੂੰ ਦਸਵੀਂ ਦੀਆਂ ਪ੍ਰੀਖਿਆਵਾਂ ਦੇਣੀਆਂ ਹੋਣਗੀਆਂ। ਹਾਲਾਂਕਿ ਸਿੱਖਿਆ ਵਿਭਾਗ ਨੇ ਓਪਨ ਸਕੂਲ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦੀ ਤਰੀਕ ਨੂੰ ਅੰਤਿਮ ਰੂਪ ਨਹੀਂ ਦਿੱਤਾ ਹੈ। ਸਰਕਾਰ ਵੱਲੋਂ ਸਕੂਲਾਂ ਵਿਚ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਦੀ ਇਜਾਜ਼ਤ ਹੋਣ ਤੋਂ ਬਾਅਦ ਹੀ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ।
ਦੱਸਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰੈਗੂਲਰ ਵਿਦਿਆਰਥੀਆਂ ਦਾ ਮੈਟ੍ਰਿਕ ਦਾ ਨਤੀਜਾ ਸੀਸੀਈ ਦੇ ਅਧਾਰ ’ਤੇ ਐਲਾਨਿਆ ਗਿਆ ਸੀ ਪਰ ਓਪਨ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ ਬਰਕਰਾਰ ਰੱਖਿਆ ਗਿਆ ਹੈ ਕਿਉਂਕਿ ਇਹ ਵਿਦਿਆਰਥੀ ਸੀਸੀਈ ਮਾਪਦੰਡ ਦੇ ਅਧੀਨ ਨਹੀਂ ਆਉਂਦੇ। ਇਨ੍ਹਾਂ ਵਿਦਿਆਰਥੀਆਂ ਨੂੰ ਇਸ ਸਾਲ ਸਪਲੀਮੈਂਟਰੀ ਪ੍ਰੀਖਿਆ ਵਜੋਂ ਇਕ ਵਿਸ਼ੇ ਦੀ ਪ੍ਰੀਖਿਆ ਦੇਣੀ ਸੀ ਪਰ ਉਹ ਕੋਵਿਡ -19 ਮਹਾਂਮਾਰੀ ਦੇ ਫੈਲਣ ਦੇ ਮੱਦੇਨਜ਼ਰ ਪ੍ਰੀਖਿਆ ਰੱਦ ਹੋਣ ਕਾਰਨ ਨਹੀਂ ਦੇ ਸਕੇ।
ਇਸ ਦੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਵੀਰਵਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਨੇ 10+1 ਸਕੂਲਾਂ ਵਿੱਚ ਰੈਗੂਲਰ ਵਿਦਿਆਰਥੀਆਂ ਦੇ ਤੌਰ ‘ਤੇ 31,022 ਓਪਨ ਕੈਟਾਗਰੀਆਂ ਦੇ ਉਮੀਦਵਾਰਾਂ ਨੂੰ ਆਰਜ਼ੀ ਤੌਰ ‘ਤੇ ਦਾਖਲਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪਿਛਲੇ ਸਾਲ ਦੇ ਵਿਦਿਆਰਥੀਆਂ ਦੀ ਸਪਲੀਮੈਂਟਰੀ ਪ੍ਰੀਖਿਆ ਦਾ ਨਤੀਜਾ ਸਬੰਧਤ ਸਾਲ ਦੇ ਸੀਸੀਈ ਦੇ ਅਧਾਰ ’ਤੇ ਐਲਾਨਣ ਦਾ ਫੈਸਲਾ ਵੀ ਕੀਤਾ ਹੈ।