ਕੌਮੀ ਰਾਜਧਾਨੀ ਦਿੱਲੀ ਨੂੰ ਚੜ੍ਹਦੇ ਨਵੇਂ ਸਾਲ 2023 ਵਿੱਚ ਤੋਹਫਾ ਮਿਲਣ ਜਾ ਰਿਹਾ ਹੈ। ਦਿੱਲੀ ਵਿੱਚ ਗਣਤੰਤਰ ਦਿਵਸ ਤੋਂ ਬਾਅਦ 5 ਸਟਾਰ ਅਤੇ 4 ਸਟਾਰ ਹੋਟਲਾਂ ਵਿੱਚ ਸਾਰੇ ਰੈਸਟੋਰੈਂਟ ਅਤੇ ਬਾਰ ਨੂੰ 24 ਘੰਟੇ ਖੋਲ੍ਹਣ ਦੀ ਆਗਿਆ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇੱਥੇ ਨਵਾਂ ਰੈਸਟੋਰੈਂਟ, ਹੋਟਲ ਜਾਂ ਗੈਸਟ ਹਾਊਸ ਵਰਗਾ ਅਦਾਰਾ ਖੋਲ੍ਹਣਾ ਵੀ ਆਸਾਨ ਹੋਵੇਗਾ।
ਦਰਅਸਲ ਕੌਮੀ ਰਾਜਧਾਨੀ ਵਿੱਚ ਰਾਤ ਦੀ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਾਇਸੈਂਸ ਨਿਯਮਾਂ ਵਿੱਚ ਢਿੱਲ ਦੇਣ ਦੀ ਤਿਆਰੀ ਹੈ। ਇਸ ਦੇ ਤਹਿਤ MCD, ਦਿੱਲੀ ਪੁਲਿਸ, ਫਾਇਰ ਡਿਪਾਰਟਮੈਂਟ ਅਤੇ DPCC ਸਿਰਫ 49 ਦਿਨਾਂ ਵਿੱਚ ਬਿਨੈਕਾਰਾਂ ਨੂੰ ਲਾਇਸੈਂਸ ਬਣਾ ਕੇ ਦੇ ਦੇਵੇਗੀ। ਨਵੀਂ ਨੀਤੀ ਮੁਤਾਬਕ ਐਮਸੀਡੀ, ਦਿੱਲੀ ਪੁਲਿਸ ਅਤੇ ਫਾਇਰ ਵਿਭਾਗ 3-3 ਸਾਲਾਂ ਲਈ ਲਾਇਸੈਂਸ ਦੇਣਗੇ, ਜਦੋਂਕਿ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) 9 ਸਾਲਾਂ ਲਈ ਲਾਇਸੈਂਸ ਦੇਵੇਗੀ।
ਇਨ੍ਹਾਂ ਨਵੇਂ ਨਿਯਮਾਂ ਤਹਿਤ ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਆਈਐਸਬੀਟੀ (ਬੱਸ ਸਟੈਂਡ) ਦੇ ਅੰਦਰ 5 ਸਟਾਰ ਅਤੇ 4 ਸਟਾਰ ਹੋਟਲਾਂ ਦੇ ਸਾਰੇ ਰੈਸਟੋਰੈਂਟ ਜ਼ਰੂਰੀ ਫੀਸ ਅਦਾ ਕਰਨ ਤੋਂ ਬਾਅਦ 24 ਘੰਟੇ ਲਈ ਖੋਲ੍ਹੇ ਜਾ ਸਕਦੇ ਹਨ। ਇਸੇ ਤਰ੍ਹਾਂ, 3-ਸਟਾਰ ਹੋਟਲਾਂ ਵਿੱਚ ਰੈਸਟੋਰੈਂਟ ਸਵੇਰੇ 2 ਵਜੇ ਤੱਕ ਖੋਲ੍ਹੇ ਜਾ ਸਕਦੇ ਹਨ, ਜਦੋਂਕਿ ਬਾਕੀ ਸਾਰੀਆਂ ਸ਼੍ਰੇਣੀਆਂ ਵਿੱਚ ਇਹ ਸਮਾਂ ਸੀਮਾ 1 ਵਜੇ ਤੱਕ ਹੋਵੇਗੀ। ਲਾਇਸੈਂਸ ਲੈਣ ਲਈ ਲੋੜੀਂਦੇ ਦਸਤਾਵੇਜ਼ਾਂ ਦੀ ਗਿਣਤੀ ਵੀ ਘਟਾ ਦਿੱਤੀ ਗਈ ਹੈ।
ਦੱਸ ਦੇਈਏ ਕਿ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਨਵੰਬਰ ਵਿੱਚ ਰੈਸਟੋਰੈਂਟ ਅਤੇ ਖਾਣ-ਪੀਣ ਵਾਲੀਆਂ ਥਾਵਾਂ ਲਈ ਲਾਈਸੈਂਸ ਨਾਲ ਜੁੜੀਆਂ ਲੋੜਾਂ ਨੂੰ ਸੌਖਾ ਬਣਾਉਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਤੋਂ ਮੌਜੂਦਾ ਨਿਯਮਾਂ ਦੀ ਜਾਂਚ ਕਰਨ ਅਤੇ ਲਾਇਸੈਂਸ ਪ੍ਰਕਿਰਿਆਵਾਂ ਵਿੱਚ ਤੇਜ਼ੀ ਲਿਆਉਣ ਲਈ ਸੁਝਾਅ ਦੇਣ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ : ‘BJP ਮੇਰੀ ਗੁਰੂ, ਬੁਲੇਟ ਪਰੂਫ ਕਾਰ ‘ਚ ਨਹੀਂ ਹੋ ਸਕਦੀ ਭਾਰਤ ਜੋੜੋ ਯਾਤਰਾ’- ਪ੍ਰੈੱਸ ਕਾਨਫਰੰਸ ‘ਚ ਬੋਲੇ ਰਾਹੁਲ
ਦਿੱਲੀ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਮੇਟੀ ਦੀ ਰਿਪੋਰਟ ਤੋਂ ਬਾਅਦ ਨਿਯਮਾਂ ਨੂੰ ਉਦਾਰ ਬਣਾਉਣ ਲਈ ਕਈ ਦੌਰ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਹੁਣ ਉਨ੍ਹਾਂ ਨੂੰ ਨਵੀਂ ਅਰਜ਼ੀ ਵਿੱਚ ਜ਼ਰੂਰੀ ਬਦਲਾਅ ਕਰਨ ਲਈ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (NIC) ਨੂੰ ਭੇਜਿਆ ਜਾਵੇਗਾ ਅਤੇ ਫਿਰ ਗ੍ਰਹਿ ਮੰਤਰਾਲੇ ਦੇ ਲਾਇਸੈਂਸ ਪੋਰਟਲ ‘ਤੇ ਅਪਲੋਡ ਕੀਤਾ ਜਾਵੇਗਾ। ਇੱਕ ਅਧਿਕਾਰੀ ਨੇ ਕਿਹਾ, “ਇਹ ਪ੍ਰਕਿਰਿਆ ਅਗਲੇ ਤਿੰਨ ਹਫ਼ਤਿਆਂ ਵਿੱਚ ਪੂਰੀ ਹੋਣ ਦੀ ਉਮੀਦ ਹੈ ਅਤੇ 26 ਜਨਵਰੀ ਤੋਂ ਉੱਦਮੀ ਰਾਸ਼ਟਰੀ ਰਾਜਧਾਨੀ ਵਿੱਚ ਉਦਾਰਵਾਦੀ ਲਾਇਸੈਂਸ ਪ੍ਰਣਾਲੀ ਦਾ ਲਾਭ ਉਠਾ ਸਕਣਗੇ।”
ਵੀਡੀਓ ਲਈ ਕਲਿੱਕ ਕਰੋ -: