ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਐਤਵਾਰ ਨੂੰ ਆਨਲਾਈਨ ਸਤਿਸੰਗ ਕਰਵਾਇਆ ਜਾਣਾ ਹੈ। ਇਸ ਸਤਿਸੰਗ ਨੂੰ ਸੁਣਨ ਲਈ ਪੰਜਾਬ ਭਰ ਤੋਂ ਡੇਰਾ ਪ੍ਰੇਮੀ ਬਠਿੰਡਾ ਦੇ ਪਿੰਡ ਸਲਾਬਤਪੁਰਾ ਵਿੱਚ ਸਥਿਤ ਡੇਰੇ ਵਿੱਚ ਪਹੁੰਚ ਰਹੇ ਹਨ। ਡੇਰਾ ਸਲਾਬਤਪੁਰਾ ਪੁੱਜਣ ਵਾਲੇ ਡੇਰਾ ਸਮਰਥਕਾਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਤਿੰਨ ਡੀਐਸਪੀ ਸਣੇ 300 ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਵਿੱਚ ਇਸ ਪ੍ਰੋਗਰਾਮ ਦਾ ਵਿਰੋਧ ਵੀ ਹੋ ਰਿਹਾ ਹੈ। ਡੇਰਾ ਮੁਖੀ ਦੇ ਆਨਲਾਈਨ ਸਤਿਸੰਗ ਦਾ ਵਿਰੋਧ ਕਰਨ ਆਏ ਅਮਰੀਕ ਸਿੰਘ ਅਜਨਾਲਾ ਨੂੰ ਪੁਲਿਸ ਨੇ ਬਠਿੰਡਾ ਦੇ ਐਂਟਰੀ ਪੁਆਇੰਟ ‘ਤੇ ਰੋਕ ਲਿਆ ਹੈ।
ਸਿੱਖ ਜਥੇਬੰਦੀਆਂ ਨੇ ਡੇਰਾ ਮੁਖੀ ਦੀ ਪੈਰੋਲ ਰੱਦ ਕਰਵਾਉਣ ਲਈ ਧਰਨਾ ਵੀ ਸ਼ੁਰੂ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਧਰਨੇ ‘ਤੇ ਬੈਠੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਪੁਲਿਸ ਨੇ ਧਰਨੇ ਤੋਂ ਸਿੱਖ ਜਥੇਬੰਦੀਆਂ ਦੇ ਲੋਕਾਂ ਨੂੰ ਚੁੱਕ ਕੇ ਹਿਰਾਸਤ ਵਿੱਚ ਲੈ ਕੇ ਬੱਸਾਂ ਵਿੱਚ ਬਿਠਾ ਦਿੱਤਾ।
ਦੂਜੇ ਪਾਸੇ ਫਰੀਦਕੋਟ ਦੇ ਪਿੰਡ ਬਹਿਬਲ ਕਲਾਂ ‘ਚ ਚੱਲ ਰਹੇ ਇਨਸਾਫ ਮੋਰਚੇ ਨੇ ਸਲਾਬਤਪੁਰਾ ਸਤਿਸੰਗ ‘ਚ ਹਿੱਸਾ ਲੈਣ ਜਾ ਰਹੇ ਡੇਰਾ ਸਿਰਸਾ ਦੇ ਪ੍ਰੇਮੀਆਂ ਦੀਆਂ ਬੱਸਾਂ ਨੂੰ ਰੋਕ ਕੇ ਮੋਰਚੇ ਨੇੜੇ ਲੰਘ ਰਹੀਆਂ 3 ਬੱਸਾਂ ਨੂੰ ਰੋਕ ਕੇ ਗੁੱਸਾ ਜ਼ਾਹਰ ਕੀਤਾ ਹੈ।
ਇਹ ਵੀ ਪੜ੍ਹੋ : ਰਾਮ ਰਹੀਮ ਦੇ ਆਨਲਾਈਨ ਸਤਿਸੰਗ ‘ਤੇ ਹੰਗਾਮਾ, ਰੰਧਾਵਾ ਬੋਲੇ, ‘ਕਰਫ਼ਿਊ ਲਾ ਕੇ ਰੋਕਿਆ ਜਾਵੇ ਪ੍ਰੋਗਰਾਮ’
ਐਸਐਸਪੀ ਜੇ ਏਲੇਨਚੇਲੀਅਨ ਨੇ ਦੱਸਿਆ ਕਿ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਆਨਲਾਈਨ ਸਤਿਸੰਗ ਸੁਣਨ ਲਈ ਡੇਰਾ ਸਲਾਬਤਪੁਰਾ ਪਹੁੰਚ ਰਹੇ ਹਨ। ਇਸ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇੱਥੇ 200 ਤੋਂ 300 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਜੇ ਲੋੜ ਪਈ ਤਾਂ ਹੋਰ ਫੋਰਸ ਵੀ ਤਾਇਨਾਤ ਕੀਤੀ ਜਾ ਸਕਦੀ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਨੂੰ ਸਟੈਂਡ ਬਾਈ ਰੱਖਿਆ ਗਿਆ ਹੈ ਤਾਂ ਜੋ ਲੋੜ ਪੈਣ ’ਤੇ ਤੁਰੰਤ ਫੋਰਸ ਨੂੰ ਮੌਕੇ ’ਤੇ ਭੇਜਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: