ਪਾਕਿਸਤਾਨ ਦੀ ਜੇਲ੍ਹ ਵਿਚ ਇਕ ਭਾਰਤੀ ਕੈਦੀ ਦੀ ਮੌਤ ਦੇ ਬਾਅਦ ਖਬਰ ਹੈ ਕਿ ਪਾਕਿਸਤਾਨ ਦੀ ਸਰਕਾਰ 199 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਦੀ ਤਿਆਰੀ ਕਰ ਰਹੀ ਹੈ। ਸਦਭਾਵਨਾ ਤਹਿਤ ਪਾਕਿਸਤਾਨ ਦੀ ਸਰਕਾਰ ਇਨ੍ਹਾਂ ਭਾਰਤੀ ਮਛੇਰਿਆਂ ਨੂੰ ਜੇਲ੍ਹ ਤੋਂ ਰਿਹਾਅ ਕਰੇਗਾ।ਇਨ੍ਹਾਂ ਕੈਦੀਆਂ ਨੂੰ ਕਰਾਚੀ ਦੀ ਜੇਲ੍ਹ ਤੋਂ ਲਾਹੌਰ ਭੇਜਿਆ ਜਾਵੇਗਾ ਤੇ ਲਾਹੌਰ ਤੋਂ ਇਨ੍ਹਾਂ ਕੈਦੀਆਂ ਦੀ ਵਾਹਗਾ ਬਾਰਡਰ ਜ਼ਰੀਏ ਵਤਨ ਵਾਪਸੀ ਹੋਵੇਗੀ।
ਕਰਾਚੀ ਦੇ ਇਕ ਪੁਲਿਸ ਅਧਿਕਾਰੀ ਕਾਜੀ ਨਜੀਰ ਨੇ ਦੱਸਿਆ ਕਿ ਮੰਤਰਾਲੇ ਤੋਂ ਭਾਰਤੀ ਕੈਦੀਆਂ ਨੂੰ ਰਿਹਾਈ ਦਾ ਹੁਕਮ ਆਇਆ ਹੈ। 12 ਮਈ ਨੂੰ ਇਨ੍ਹਾਂ ਕੈਦੀਆਂ ਨੂੰ ਰਿਹਾਅ ਕਰਕੇ ਲਾਹੌਰ ਭੇਜਿਆ ਜਾਵੇਗਾ। ਜਿਹੜੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ, ਉਹ ਪਾਕਿਸਤਾਨ ਦੀ ਲੰਡੀ ਜੇਲ੍ਹ ਵਿਚ ਬੰਦ ਹਨ।
ਦੱਸ ਦੇਈਏ ਕਿ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਕੈਦੀ ਜੁਲਫਿਕਾਰ ਦੀ ਹਾਲ ਹੀ ਵਿਚ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ। ਜ਼ੁਲਫ਼ਿਕਾਰ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਕਰਾਚੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਉੱਥੇ ਇਲਾਜ ਦੌਰਾਨ ਭਾਰਤੀ ਕੈਦੀ ਨੇ ਦਮ ਤੋੜ ਦਿੱਤਾ। ਜਾਂਚ ‘ਚ ਸਾਹਮਣੇ ਆਇਆ ਕਿ ਕੈਦੀ ਦੀ ਮੌਤ ਫੇਫੜਿਆਂ ‘ਚ ਇਨਫੈਕਸ਼ਨ ਕਾਰਨ ਹੋਈ ਹੈ।
ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੇ ਕਲਿਆਣ ਲਈ ਕੰਮ ਕਰਨ ਵਾਲੀ ਪਾਕਿਸਤਾਨੀ ਸੰਸਥਾ ਈਦੀ ਵੈਲਫੇਅਰ ਟਰੱਸਟ ਭਾਰਤੀ ਕੈਦੀਆਂ ਨੂੰ ਲਾਹੌਰ ਲਿਜਾਣ ਦਾ ਇੰਤਜ਼ਾਮ ਕਰੇਗੀ। ਟਰੱਸਟ ਦੇ ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਹਾਲਾਤ ਬੇਹੱਦ ਖਰਾਬ ਹਨ ਤੇ ਇਥੇ ਡਾਕਟਰਾਂ ਤੇ ਇਲਾਜ ਦੀ ਸਹੂਲਤ ਨਹੀਂ ਹੈ ਜਿਸ ਕਾਰਨ ਕੈਦੀ ਬੀਮਾਰ ਪੈਂਦੇ ਹਨ ਤੇ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ।
ਇਹ ਵੀ ਪੜ੍ਹੋ : BSF ਨੇ ਪੱਛਮੀ ਬੰਗਾਲ ਤੋਂ 4 ਕਰੋੜ ਦੇ ਸੋਨੇ ਦੇ ਬਿਸਕੁਟ ਫੜੇ, 2 ਬੰਗਲਾਦੇਸ਼ੀ ਗ੍ਰਿਫਤਾਰ
ਰਿਪੋਰਟ ਮੁਤਾਬਕ 654 ਭਾਰਤੀ ਮਛੇਰੇ ਪਾਕਿਸਤਾਨ ਦੇ ਕਰਾਚੀ ਵਿਚ ਸਥਿਤ ਲੰਡੀ ਤੇ ਮਾਲਿਰ ਜੇਲ੍ਹਾਂ ਵਿਚ ਬੰਦ ਹਨ। ਜ਼ਿਆਦਾਤਰ ਜੋ ਮਛੇਰੇ ਫੜੇ ਜਾਂਦੇ ਹਨ ਉਹ ਅਨਪੜ੍ਹ ਤੇ ਗਰੀਬ ਹੁੰਦੇ ਹਨ ਤੇ ਉਹ ਗਲਤੀ ਨਾਲ ਭਾਰਤ ਤੋਂ ਪਾਕਿਸਤਾਨ ਦੇ ਜਲ ਖੇਤਰ ਵਿਚ ਦਾਖਲ ਹੋ ਜਾਂਦੇ ਹਨ। ਭਾਰਤੀ ਜੇਲ੍ਹਾਂ ਵਿਚ ਵੀ 83 ਪਾਕਿਸਤਾਨੀ ਮਛੇਰੇ ਬੰਦ ਹਨ। ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ 654 ਕੈਦੀਆਂ ਵਿਚੋਂ 631 ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਤੇ ਰਿਹਾਈ ਦਾ ਇੰਤਜ਼ਾਰ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: