ਗਣਤੰਤਰ ਦਿਵਸ ‘ਤੇ ਯੋਗਾ ਗੁਰੂ ਬਾਬਾ ਰਾਮਦੇਵ ਨੇ ਹਰਿਦੁਆਰ ਸਥਿਤ ਪਤੰਜਲੀ ਯੋਗਪੀਠ ‘ਚ ਪਬੋਲਦਿਆਂ ਕਿਹਾ ਕਿ ਜਲਦ ਹੀ ਪਾਕਿਸਤਾਨ ਦੇ ਚਾਰ ਟੋਟੇ ਹੋ ਜਾਣਗੇ, 4 ਟੋਟਿਆਂ ‘ਚ ਵੰਡਣ ਤੋਂ ਬਾਅਦ 3 ਭਾਰਤ ‘ਚ ਰਲ ਜਾਣਗੇ ਅਤੇ ਪਾਕਿਸਤਾਨ ਇਕ ਛੋਟਾ ਜਿਹਾ ਦੇਸ਼ ਰਹਿ ਜਾਵੇਗਾ।
ਬਾਬਾ ਰਾਮਦੇਵ ਨੇ ਇਹ ‘ਭਵਿੱਖਬਾਣੀ’ ਅਜਿਹੇ ਸਮੇਂ ਵਿੱਚ ਕੀਤੀ ਹੈ ਜਦੋਂ ਪਾਕਿਸਤਾਨ ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ। ਗੁਆਂਢੀ ਮੁਲਕ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ ਅਤੇ ਲੋਕ ਦਾਣੇ-ਦਾਣੇ ਲਈ ਮੁਥਾਜ ਹਨ।
ਯੋਗਾ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਬਲੋਚਿਸਤਾਨ, ਪੀਓਕੇ ਅਤੇ ਪੰਜਾਬ ਨੂੰ ਪਾਕਿਸਤਾਨ ਤੋਂ ਵੱਖ ਕੀਤਾ ਜਾਵੇਗਾ। ਪਾਕਿਸਤਾਨ ਇਕ ਛੋਟਾ ਜਿਹਾ ਦੇਸ਼ ਹੀ ਰਹੇਗਾ। ਪੀਓਕੇ ਭਾਰਤ ਵਿੱਚ ਰਲੇਗਾ, ਉਸ ਤੋਂ ਬਾਅਦ ਬਲੋਚਿਸਤਾਨ ਵੀ ਅੱਗੇ ਆ ਕੇ ਕਹੇਗਾ ਕਿ ਭਾਰਤਮ ਸ਼ਰਣਮ ਗਛਾੱਮੀ ਕਿਉਂਕਿ ਪੰਜਾਬ ਸਿੰਧ ਇਹ ਸਾਰੇ ਹਿੰਦ ਦੇ ਸਾਥੀ ਹਨ, ਉਨ੍ਹਾਂ ਦੀ ਸੱਭਿਆਚਾਰਕ ਏਕਤਾ ਹੈ। ਉਨ੍ਹਾਂ ਕਿਹਾ, ‘ਬਹੁਤ ਜਲਦੀ ਪਾਕਿਸਤਾਨ 4 ਟੋਟਿਆਂ ਵਿੱਚ ਵੰਡਿਆ ਜਾਵੇਗਾ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵੀ ਭਾਰਤ ਵਿੱਚ ਮਿਲਾ ਦਿੱਤਾ ਜਾਵੇਗਾ। ਪੰਜਾਬ ਸਿੰਧ ਸੂਬਾ ਵੀ ਭਾਰਤ ਵਿੱਚ ਰਲੇਗਾ ਅਤੇ ਬਲੋਚਿਸਤਾਨ ਵੀ ਭਾਰਤ ਵਿੱਚ ਰਲੇਗਾ। ਭਾਰਤ ਇੱਕ ਮਹਾਸ਼ਕਤੀ ਬਣੇਗਾ, ਇਹ ਆਉਣ ਵਾਲੇ ਸਮੇਂ ਦੀ ਪੁਕਾਰ ਹੈ ਅਤੇ ਅਜਿਹਾ ਹੋਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਪਹਿਲਾਂ ਹੀ ਦੋ ਟੁਕੜਿਆਂ ਵਿੱਚ ਵੰਡਿਆ ਜਾ ਚੁੱਕਾ ਹੈ। ਬੰਗਲਾਦੇਸ਼ ਨੇ ਭਾਰਤ ਦੀ ਮਦਦ ਨਾਲ 1971 ਵਿੱਚ ਪਾਕਿਸਤਾਨ ਤੋਂ ਆਜ਼ਾਦੀ ਹਾਸਲ ਕੀਤੀ ਸੀ। ਕਸ਼ਮੀਰ ਦੇ ਵੱਡੇ ਹਿੱਸੇ ‘ਤੇ ਪਾਕਿਸਤਾਨ ਦਾ ਨਾਜਾਇਜ਼ ਕਬਜ਼ਾ ਹੈ। ਪਾਕਿਸਤਾਨ ਦੇ ਬੇਰਹਿਮ ਸ਼ਾਸਨ ਅਤੇ ਦੁਰਦਸ਼ਾ ਕਾਰਨ ਪੀਓਕੇ ਵਿੱਚ ਅਸੰਤੋਸ਼ ਦੀ ਲਹਿਰ ਹੈ। ਇੱਥੇ ਅਕਸਰ ਭਾਰਤ ਪੱਖੀ ਅਤੇ ਪਾਕਿਸਤਾਨ ਵਿਰੋਧੀ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਬਲੋਚਿਸਤਾਨ ਵਿੱਚ ਵੀ ਪਾਕਿਸਤਾਨ ਤੋਂ ਵੱਖ ਹੋਣ ਦੀ ਤਾਂਘ ਪੈਦਾ ਹੋ ਗਈ ਹੈ।
ਇਹ ਵੀ ਪੜ੍ਹੋ : ਗਣਤੰਤਰ ਦਿਵਸ ਮੌਕੇ ਮੰਤਰੀ ਅਰੋੜਾ ਵੱਲੋਂ ਮੋਹਾਲੀ ਲਈ 5000 EWS ਫਲੈਟਾਂ ਦਾ ਐਲਾਨ
ਪਤੰਜਲੀ ਯੋਗਪੀਠ ‘ਤੇ ਤਿਰੰਗਾ ਲਹਿਰਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਾਬਾ ਰਾਮਦੇਵ ਨੇ ਰਾਮਚਰਿਤਮਾਨਸ ‘ਤੇ ਕੁਝ ਨੇਤਾਵਾਂ ਦੀ ਵਿਵਾਦਿਤ ਟਿੱਪਣੀ ਅਤੇ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਨੂੰ ਲੈ ਕੇ ਚੱਲ ਰਹੇ ਵਿਵਾਦ ‘ਤੇ ਬੋਲਿਆ। ਰਾਮਚਰਿਤਮਾਨਸ ‘ਤੇ ਵਿਵਾਦਿਤ ਟਿੱਪਣੀਆਂ ਨਾਲ ਜੁੜੇ ਸਵਾਲ ‘ਤੇ ਬਾਬਾ ਰਾਮਦੇਵ ਨੇ ਕਿਹਾ ਕਿ ਇਹ ਸਾਰੇ ਭਾਰਤ-ਵਿਰੋਧੀ ਲੋਕ ਜੋ ਧਾਰਮਿਕ ਗ੍ਰੰਥਾਂ ਦੀ ਸ਼ਰਨ ਲੈ ਕੇ, ਕਦੇ ਸਾਡੇ ਮਹਾਪੁਰਖਾਂ ਨੂੰ ਬਦਨਾਮ ਕਰਕੇ ਨਾਪਾਕ ਕੋਸ਼ਿਸ਼ਾਂ ਕਰ ਰਹੇ ਹਨ, ਜਾਂ ਤਾਂ ਅੰਤਰਰਾਸ਼ਟਰੀ ਸ਼ਕਤੀਆਂ ਦੇ ਇਸ਼ਾਰੇ ‘ਤੇ ਸਾਜ਼ਿਸ਼ ਰਚ ਰਹੇ ਹਨ ਜਾਂ ਫਿਰ ਆਪਣੀ ਨਿਰਾਸ਼ਾ ਅਤੇ ਬੌਧਿਕਤਾ ਕਾਰਨ ਉਹ ਗਰੀਬੀ ਦਾ ਸ਼ਿਕਾਰ ਹੋ ਕੇ ਭਾਰਤ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਧੀਰੇਂਦਰ ਸ਼ਾਸਤਰੀ ਵਿਵਾਦ ‘ਤੇ ਰਾਮਦੇਵ ਨੇ ਕਿਹਾ ਕਿ ਅਧਿਆਤਮਕ ਸ਼ਕਤੀ ਤਾਂ ਸੱਚ ਹੈ ਪਰ ਉਨ੍ਹਾਂ ਨੇ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਪਾਖੰਡ, ਦਿਖਾਵੇ, ਭੂਤ-ਪ੍ਰੇਤ, ਵਹਿਮਾਂ-ਭਰਮਾਂ ਨੂੰ ਧਰਮ ਅਤੇ ਸੱਭਿਆਚਾਰ ਨਹੀਂ ਮੰਨਿਆ।
ਵੀਡੀਓ ਲਈ ਕਲਿੱਕ ਕਰੋ -: